ਪੱਤਰ ਪ੍ਰੇਰਕ
ਅਬੋਹਰ, 14 ਜੂਨ
ਲੰਬੀ ਮਾਈਨਰ ’ਚ ਨਹਿਰੀ ਵਿਭਾਗ ਵੱਲੋਂ 7 ਦਿਨਾਂ ਲਈ ਕੀਤੀ ਜਾ ਰਹੀ ਨਹਿਰ ਬੰਦੀ ਦੇ ਵਿਰੋਧ ’ਚ ਯੂਨਾਈਟਿਡ ਕਿਸਾਨ ਮੋਰਚਾ ਦੇ ਸੱਦੇ ’ਤੇ ਅੱਜ ਸਵੇਰੇ 9 ਵਜੇ ਤੋਂ ਹੀ ਕਿਸਾਨਾਂ ਨੇ ਰਾਜਸਥਾਨ ਨੂੰ ਜਾਂਦੀਆਂ ਮੁੱਖ ਸੜਕਾਂ ’ਤੇ ਚੱਕਾ ਜਾਮ ਕਰ ਦਿੱਤਾ। ਕਿਸਾਨਾਂ ਵੱਲੋਂ ਰਾਜਸਥਾਨ ਨੂੰ ਜਾਣ ਵਾਲੇ ਪਿੰਡਾਂ ਗਿੱਦਾਂਵਾਲੀ, ਰਾਜਪੁਰਾ, ਬਜੀਦਪੁਰ ਭੋਮਾ ਅਤੇ ਦੋਦੇਵਾਲਾ ਮੁੱਖ ਮਾਰਗ ’ਤੇ ਧਰਨਾ ਦੇ ਕੇ ਪ੍ਰਸ਼ਾਸਨ ਤੇ ਨਹਿਰੀ ਵਿਭਾਗ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਕਿਸਾਨਾਂ ਵੱਲੋਂ ਲਾਏ ਜਾਮ ਕਾਰਨ ਵਾਹਨ ਚਾਲਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਚਿਤਾਵਨੀ ਦਿੰਦਿਆ ਆਖਿਆ ਕਿ ਜਦੋਂ ਤੱਕ ਨਹਿਰਾਂ ਵਿੱਚ ਪਾਣੀ ਨਹੀਂ ਛੱਡਿਆ ਜਾਂਦਾ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
ਜਾਮ ਦੀ ਸੂਚਨਾ ਮਿਲਣ ’ਤੇ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਕਿਸਾਨਾਂ ਨੂੰ ਕੁਝ ਮਾਤਰਾ ਵਿੱਚ ਪਾਣੀ ਛੱਡਣ ਦਾ ਭਰੋਸਾ ਦਿੱਤਾ, ਪਰ ਕਿਸਾਨ ਆਪਣੀ ਮੰਗ ’ਤੇ ਅੜੇ ਰਹੇ ਅਤੇ ਧਰਨਾ ਜਾਰੀ ਰੱਖਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸੁਭਾਸ਼ ਗੋਦਾਰਾ, ਵਿਨੋਦ ਡੁੱਡੀ, ਸੁਖਵਿੰਦਰ ਰਾਜੇਵਾਲ, ਜਗਜੀਤ ਸਿੱਧੂਪੁਰ, ਨਿਰਮਲ ਸਿੰਘ, ਗੁਰਮੇਲ ਸਿੰਘ, ਸੁਖਮੰਦਰ ਸਿੰਘ, ਰਾਜਨ ਸਿੰਘ, ਗਗਨਦੀਪ ਸਿੰਘ, ਬੇਅੰਤ ਰਾਮ, ਸੁਨੀਲ ਢੁੱਡੀ, ਸਾਹਬ ਰਾਮ, ਸੁਧੀਰ ਡੇਲੂ ਤੇ ਸੁਧੀਰ ਰਿਣਵਾ ਨੇ ਦੱਸਿਆ ਕਿ ਪਿਛਲੇ ਮਹੀਨੇ ਜਦੋਂ ਸਰਹਿੰਦ ਫੀਡਰ ’ਚ ਕਟੌਤੀ ਹੋਈ ਸੀ ਤਾਂ ਉਸ ਪਾੜ ਨੂੰ ਭਰ ਕੇ ਪਾਣੀ ਛੱਡਣ ਲਈ ਕਿਸਾਨਾਂ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ ਸੀ। ਹਾਲੇ ਕੁਝ ਦਿਨ ਹੀ ਨਹਿਰਾਂ ਵਿੱਚ ਪਾਣੀ ਵੜਿਆ ਹੈ ਕਿ ਵਿਭਾਗ ਨੇ ਮੁੜ 7 ਦਿਨਾਂ ਲਈ ਬੰਦ ਦਾ ਐਲਾਨ ਕਰ ਕੇ ਨਹਿਰਾਂ ਵਿੱਚ ਪਾਣੀ ਬੰਦ ਕਰ ਦਿੱਤਾ ਹੈ ਜਿਸ ਕਾਰਨ ਕਿਸਾਨਾਂ ਅਤੇ ਬਾਗ਼ਬਾਨਾਂ ਵਿੱਚ ਰੋਸ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀ ਅਣਗਹਿਲੀ ਕਾਰਨ ਪਹਿਲਾਂ ਨਹਿਰ ’ਚ ਪਾੜ ਪੈ ਗਿਆ ਸੀ, ਜਿਸ ਕਾਰਨ ਉਨ੍ਹਾਂ ਦੇ ਬਾਗਾਂ ਦੀ ਫ਼ਸਲ ਬਰਬਾਦ ਹੋ ਗਈ ਸੀ, ਪਰ ਹੁਣ ਜਦੋਂ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ, ਉਸ ਸਮੇਂ ਵਿਭਾਗ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਿਹਾ ਹੈ। ਨਹਿਰਾਂ ਵਿੱਚ ਪਾਣੀ ਦੀ ਘਾਟ ਕਾਰਨ ਨਰਮੇ ਦੀ ਬਿਜਾਈ ਅੱਧ ਵਿਚਾਲੇ ਹੀ ਅਟਕ ਗਈ ਹੈ ਜਦੋਂਕਿ ਨਰਮੇ ਦੀ ਖੜ੍ਹੀ ਫ਼ਸਲ ਨੂੰ ਵੀ ਪਾਣੀ ਦੀ ਬਹੁਤ ਲੋੜ ਹੈ। ਇਸ ਤੋਂ ਇਲਾਵਾ ਕਿੰਨੂ ਦੇ ਬਾਗ਼ਾਂ ਅਤੇ ਹੋਰ ਫ਼ਸਲਾਂ ਲਈ ਵੀ ਨਹਿਰੀ ਪਾਣੀ ਦੀ ਲੋੜ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਪਾਣੀ ਨਹੀਂ ਮਿਲਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
ਨਹਿਰੀ ਪਾਣੀ ਦੀ ਬੰਦੀ ਕਾਰਨ ਲੋਕ ਔਖੇ
ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਇਸ ਇਲਾਕੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਨਹਿਰੀ ਪਾਣੀ ਦੀ ਚੱਲ ਰਹੀ ਬੰਦੀ ਕਾਰਨ ਜਿੱਥੇ ਖੇਤਾਂ ਦੀਆਂ ਫ਼ਸਲਾਂ ਤੇ ਹਰੇ ਚਾਰੇ ਦਾ ਨੁਕਸਾਨ ਹੋ ਰਿਹਾ ਹੈ, ਉੱਥੇ ਵਾਟਰ ਵਰਕਸ ਤੋਂ ਪੀਣ ਵਾਲੇ ਪਾਣੀ ਦੀ ਹੁੰਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ ਅਤੇ ਸ਼ਹਿਰੀ ਇਲਾਕੇ ਤੇ ਪਿੰਡਾਂ ਵਿੱਚ ਸਥਿਤ ਜਲ ਘਰ ਵੀ ਸੋਕੇ ਦਾ ਸ਼ਿਕਾਰ ਹੋ ਗਏ ਹਨ। ਅਤਿ ਦੀ ਗਰਮੀ ਵਿੱਚ ਲੋਕ ਪਿਆਸੇ ਮਰਨ ਲਈ ਮਜਬੂਰ ਹਨ ਪਰ ਇਸ ਗੰਭੀਰ ਸਮੱਸਿਆ ਵੱਲ ਨਹਿਰੀ ਵਿਭਾਗ ਅਤੇ ਸਰਕਾਰ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ। ਬਰੇਟਾ ਦਾ ਵਾਟਰ ਵਰਕਸ ਨਹਿਰੀ ਪਾਣੀ ’ਤੇ ਨਿਰਭਰ ਹੈ, ਪਰ ਧਰਤੀ ਹੇਠਲਾ ਪਾਣੀ ਵੀ ਸਬਮਰਸੀਬਲ ਨਾਲ ਕੱਢ ਕੇ ਵਾਟਰ ਵਰਕਸ ਰਾਹੀਂ ਸਪਲਾਈ ਕੀਤਾ ਜਾ ਰਿਹਾ ਹੈ ਜੋ ਨਹਿਰੀ ਪਾਣੀ ਦੀ ਬੰਦੀ ਕਾਰਨ ਠੱਪ ਹੋ ਕੇ ਰਹਿ ਗਿਆ ਹੈ। ਇੱਥੇ ਦੋ ਵਾਟਰ ਵਰਕਸ ਹੋਂਦ ਵਿੱਚ ਹਨ ਜਿਨ੍ਹਾਂ ’ਚੋਂ ਇੱਕ ਨਹਿਰੀ ਪਾਣੀ ਦੀ ਬੰਦੀ ਕਾਰਨ ਠੱਪ ਹੈ ਤੇ ਦੂਜਾ ਕਈ ਸਾਲਾਂ ਤੋਂ ਬੰਦ ਹੈ। ਇਲਾਕੇ ਦੇ ਸਮਾਜ ਸੇਵੀਆਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਇਸ ਸਮੱਸਿਆ ਦਾ ਹੱਲ ਕਰੇ।