ਨਵਕਿਰਨ ਸਿੰਘ
ਮਹਿਲ ਕਲਾਂ, 23 ਸਤੰਬਰ
ਅੱਜ ਬਲਾਕ ਮਹਿਲ ਕਲਾਂ ਨਾਲ ਸਬੰਧਤ ਮਗਨਰੇਗਾ ਕਾਮਿਆਂ ਵੱਲੋਂ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਮੁੱਖ ਮਾਰਗ ’ਤੇ ਚੱਕਾ ਜਾਮ ਕਰ ਕੇ ਧਰਨਾ ਲਾਇਆ ਗਿਆ। ਪਿੰਡਾਂ ਵਿਚ ਮਗਨਰੇਗਾ ਮਜ਼ਦੂਰਾਂ ਦੇ ਬੰਦ ਪਏ ਕੰਮਾਂ ਨੂੰ ਮੁੜ ਚਾਲੂ ਕਰਾਉਣ ਦੀ ਮੰਗ ਲਈ ਅੱਜ ਮਜ਼ਦੂਰਾਂ ਨੇ ਬੀਡੀਪੀਓ ਦਫ਼ਤਰ ਮਹਿਲ ਕਲਾਂ ਵਿਚ ਧਰਨਾ ਲਾਇਆ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਧਰਨੇ ’ਤੇ ਬੈਠੇ ਮਜ਼ਦੂਰਾਂ ਦੀ ਸਾਰ ਨਾ ਲੈਣ ਕਾਰਨ ਰੋਹ ਵਿਚ ਆਏ ਮਜ਼ਦੂਰਾਂ ਨੇ ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਚੱਕਾ ਜਾਮ ਕਰ ਦਿੱਤਾ ਗਿਆ, ਜਿਸ ਮਗਰੋਂ ਪ੍ਰਸ਼ਾਸਨ ਹਰਕਤ ਵਿਚ ਆਇਆ ਅਤੇ ਉੱਚ ਪੁਲੀਸ ਅਧਿਕਾਰੀਆਂ ਦੀ ਹਾਜ਼ਰੀ ਵਿਚ ਬੀਡੀਪੀਓ ਮਹਿਲ ਕਲਾਂ ਭੂਸ਼ਨ ਕੁਮਾਰ ਵੱਲੋਂ ਮਗਨਰੇਗਾ ਦੇ ਬੰਦ ਪਏ ਕੰਮ ਚਾਲੂ ਕਰਨ ਦਾ ਵਿਸ਼ਵਾਸ ਦਿਵਾਉਣ ਮਗਰੋਂ ਧਰਨਾ ਚੱਕਿਆ।
ਇਸ ਮੌਕੇ ਮਨਰੇਗਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕੁਰੜ, ਦਿਹਾਤੀ ਮਜ਼ਦੂਰ ਸਭਾ ਦੇ ਭੋਲਾ ਸਿੰਘ , ਸੀਟੂ ਦੀ ਸੂਬਾ ਜੁਆਇੰਟ ਸਕੱਤਰ ਪਰਮਜੀਤ ਕੌਰ, ਦਿਹਾਤੀ ਮਜ਼ਦੂਰ ਸਭਾ ਦੇ ਬਹਾਲ ਸਿੰਘ ਅਤੇ ਬਲੌਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਅਫ਼ਸਰਸ਼ਾਹੀ ‘ਸੱਤਾ ਧਿਰ’ ਨਾਲ ਰਲ ਕੇ ਮਗਨਰੇਗਾ ਦਾ ਕੰਮ ਸ਼ੁਰੂ ਨਹੀਂ ਕਰ ਰਹੀ, ਜਿਸ ਕਾਰਨ ਮਜ਼ਦੂਰਾਂ ਦੇ ਬਹੁਤੇ ਘਰਾਂ ਵਿਚ ਚੁੱਲ੍ਹੇ ਤਪਦੇ ਰੱਖਣੇ ਵੀ ਔਖੇ ਹੋਏ ਪਏ ਹਨ।
ਇਸ ਮੌਕੇ ਮਜ਼ਦੂਰਾਂ ਨੇ ਸਰਕਾਰ ਤੋਂ ਮਗਨਰੇਗਾ ਮਜ਼ਦੂਰਾਂ ਨੂੰ 700 ਰੁਪਏ ਪ੍ਰਤੀ ਦਿਹਾੜੀ ਦੇ ਹਿਸਾਬ ਨਾਲ 100 ਦਿਨ ਦੀ ਥਾਂ ਪੂਰਾ ਸਾਲ ਕੰਮ ਦੇਣ, ਪੰਜ ਪੰਜ ਮਰਲੇ ਦੇ ਪਲਾਟ ਦੇਣ ਅਤੇ ਕਰਜ਼ੇ ਮੁਆਫ਼ ਕਰਨ ਦੀ ਮੰਗ ਕੀਤੀ। ਇਸ ਮੌਕੇ ਬੀਕੇਯੂ (ਉਗਰਾਹਾਂ) ਦੇ ਆਗੂ ਚਰਨਜੀਤ ਸਿੰਘ ਦਿਓਲ, ਦਰਸ਼ਨ ਸਿੰਘ ਸੰਧੂ ਨੇ ਮਜ਼ਦੂਰਾਂ ਦੀ ਹਮਾਇਤ ਕੀਤੀ।
ਪੰਜ ਪਿੰਡਾਂ ਦੀਆਂ ਪੰਚਾਇਤਾਂ ਨੇ ਆਵਾਜਾਈ ਰੋਕੀ
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਬਲਾਕ ਸ਼ਹਿਣਾ ਦੇ ਪਿੰਡ ਸ਼ਹਿਣਾ, ਕੈਰੇ, ਬਖਤਗੜ੍ਹ, ਜੰਡਸਰ, ਪੱਖੋ ਕੈਂਚੀਆਂ ਦੀ ਨਰੇਗਾ ਮਜ਼ਦੂਰ ਯੂਨੀਅਨ ਅਤੇ ਗ੍ਰਾਮ ਪੰਚਾਇਤਾਂ ਨੇ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦਫ਼ਤਰ ਸ਼ਹਿਣਾ ਅੱਗੇ ਧਰਨਾ ਲਾਇਆ ਅਤੇ ਤਿੰਨ ਘੰਟੇ ਤਪਦੀ ਧੁੱਪ ’ਚ ਜੀ.ਟੀ. ਰੋਡ ਉੱਤੇ ਚੱਕਾ ਜਾਮ ਕੀਤਾ। ਪਿੰਡ ਬਖ਼ਤਗੜ੍ਹ ਦੇ ਸਰਪੰਚ ਤਰਨਜੀਤ ਸਿੰਘ ਦੁੱਗਲ ਨੇ ਦੱਸਿਆ ਕਿ ਪਿੰਡਾਂ ’ਚ ਨਰੇਗਾ ਤਹਿਤ ਕੰਮ ਨਹੀਂ ਚੱਲਣ ਦਿੱਤਾ ਜਾ ਰਿਹਾ। ਸਰਪੰਚ ਕਲਕੱਤਾ, ਪੰਚ ਨਾਜ਼ਮ ਸਿੰਘ ਨੇ ਕਿਹਾ ਕਿ ਕਸਬਾ ਸ਼ਹਿਣਾ ’ਚ 1800 ਜਾਬ ਕਾਰਡ ਬਣੇ ਹੋਏ ਹਨ, ਜਿਨ੍ਹਾਂ ’ਚੋਂ ਸਿਰਫ 200 ਮਜ਼ਦੂਰਾਂ ਨੂੰ ਕੰਮ ਮਿਲਦਾ ਹੈ। ਕੰਮ ਨਾ ਮਿਲਣ ਦਾ ਕਾਰਨ ਵਾਰ-ਵਾਰ ਨਰੇਗਾ ਸੈਕਟਰੀ ਬਦਲਣਾ ਹੈ। ਪੱਖੋ ਕੈਂਚੀਆਂ ਦੇ ਪੰਚ ਲਛਮਣ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਨਾਲਾਇਕੀਆਂ ਕਾਰਨ ਅੱਜ ਮਜ਼ਦੂਰਾਂ ਨੂੰ ਚੱਕਾ ਜਾਮ ਕਰਨਾ ਪਿਆ ਹੈ। ਥਾਣਾ ਸ਼ਹਿਣਾ ਦੇ ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਵੀ ਪੁਲੀਸ ਪਾਰਟੀ ਨਾਲ ਪੁੱਜੇ ਹੋਏ ਸਨ।