ਪੱਤਰ ਪ੍ਰੇਰਕ
ਸਾਦਿਕ, 21 ਜੂਨ
ਬੁਰੀ ਤਰ੍ਹਾਂ ਟੁੱਟ ਚੁੱਕੀ ਵਾਇਆ ਸਾਦਿਕ ਫਿਰੋਜ਼ਪੁਰ-ਸ੍ਰੀ ਮੁਕਤਸਰ ਸਾਹਿਬ ਸੜਕ ਤੋਂ ਪ੍ਰੇਸ਼ਾਨ ਲੋਕਂ ਨੇ ਨੈਸ਼ਨਲ ਹਾਈਵੇਅ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਸਾਦਿਕ ਦੇ ਮੁੱਖ ਚੌਕ ਵਿੱਚ ਸ਼ਾਂਤਮਈ ਧਰਨਾ ਦਿੰਦਿਆਂ ਸੜਕ ’ਤੇ ਚੱਕਾ ਜਾਮ ਕਰ ਦਿੱਤਾ। ਇਸ ਦੌਰਾਨ ਬੁਲਾਰਿਆਂ ਨੇ ਆਖਿਆ ਕਿ ਭਾਵੇਂ ਇਹ ਸੜਕ ਵਾਤਾਵਰਨ ਪ੍ਰੇਮੀਆਂ ਵੱਲੋਂ ਰੁੱਖ ਪੁੱਟਣ ਵਿਰੁੱਧ ਹਾਈ ਕੋਰਟ ਵਿੱਚ ਪਾਈ ਗਈ ਰਿੱਟ ਪਟੀਸ਼ਨ ਕਾਰਨ ਰੁਕੀ ਹੈ, ਜਿਸ ਦਾ ਜਵਾਬ ਦਿੰਦਿਆਂ ਤਿੰਨ ਜ਼ਿਲ੍ਹਿਆਂ ਦੀਆਂ ਪੰਚਾਇਤਾਂ ਨੇ ਇਸ ਸੜਕ ਤੋਂ ਪੁੱਟੇ ਜਾਣ ਵਾਲੇ ਰੁੱਖਾਂ ਦੀ ਗਿਣਤੀ ਤੋਂ ਵੀ ਵਧੇਰੇ ਰੁੱਖ ਲਗਾਉਣ ਦਾ ਵਾਅਦਾ ਕੀਤਾ ਹੈ ਪਰ ਇੱਥੇ ਪੀਡਬਲਯੂਡੀ ਤੇ ਜੰਗਲਾਤ ਮਹਿਕਮੇ ਵੱਲੋਂ ਲੋੜੀਂਦੀਆਂ ਸ਼ਰਤਾਂ ਨੂੰ ਨਾ ਪੂਰਾ ਕਰਦਿਆਂ ਇਸ ਸੜਕ ਨੂੰ ਲਟਕਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਸਬੰਧਤ ਮਹਿਕਮਿਆਂ ਨਾਲ ਗੱਲਬਾਤ ਕਰਕੇ ਇਸ ਸੜਕ ਦੀ ਉਸਾਰੀ ਸ਼ੁਰੂ ਨਹੀਂ ਕਰਵਾਉਂਦੀ ਤਾਂ ਉਸਾਰੀ ਸ਼ੁਰੂ ਹੋਣ ਤੱਕ ਇਸ ਸੜਕ ਨੂੰ ਪੱਕੇ ਤੌਰ ’ਤੇ ਬੰਦ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਜ਼ਿਕਰਯੌਗ ਹੈ ਕਿ ਪਿਛਲੇ ਦਿਨੀਂ ਇਸ ਖਸਤਾ ਹਾਲ ਸੜਕ ਕਾਰਨ ਹੀ ਨੌਜਵਾਨ ਲੜਕੀ ਦੀ ਮੌਤ ਹੋ ਗਈ ਸੀ ਤੇ ਲਗਾਤਾਰ ਹਾਦਸੇ ਵਾਪਰ ਵੀ ਰਹੇ ਹਨ।