ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 22 ਜੁਲਾਈ
ਸਥਾਨਕ ਹਰੀਨੌਂ ਰੋਡ ’ਤੇ ਸਥਿਤ ਚੋਪੜਿਆਂ ਵਾਲੇ ਬਾਗ਼ ਵਿਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਬੇਹੱਦ ਪ੍ਰੇਸ਼ਾਨ ਹਨ। ਪਿਛਲੇ ਲੰਮੇਂ ਸਮੇਂ ਤੋਂ ਇਸ ਖੇਤਰ ਦੇ ਲੋਕ ਜਲ ਬੋਰਡ ਅਤੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਕੋਲ ਕਈ ਵਾਰ ਗੁਹਾਰ ਲਾਈ ਪਰ ਜਲ ਬੋਰਡ ਅਧਿਕਾਰੀਆਂ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ। ਗੁੱਸੇ ਵਿਚ ਆਏ ਲੋਕਾਂ ਨੇ ਹਰੀਨੌਂ ਰੇਲਵੇ ਫਾਟਕ ਕੋਲ ਧਰਨਾ ਲਗਾ ਕੇ ਜਲ ਬੋਰਡ ਅਧਿਕਾਰੀਆਂ ਤੇ ਪੰਜਾਬ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਆਖਿਆ ਕਿ ਪੰਜਾਬ ਸਰਕਾਰ ਦੇ ਜਲ ਬੋਰਡ ਤੇ ਸੀਵਰੇਜ ਵਿਭਾਗ ਦੇ ਅਧਿਕਾਰੀ ਗੂੰਗੇ ਹੋ ਗਏ ਹਨ। ਇਸ ਲਈ ਸਰਕਾਰ ਨੂੰ ਇਨ੍ਹਾਂ ਦੇ ਕੰਨਾਂ ਦਾ ਇਲਾਜ ਕਰਨਾ ਚਾਹੀਦਾ ਹੈ ਤਾਂ ਜੋ ਇਹ ਅਧਿਕਾਰੀ ਆਮ ਜਨਤਾ ਦੀ ਪੁਕਾਰ ਸੁਣ ਸਕਣ। ਸਾਬਕਾ ਕੌਂਸਲਰ ਦਲੀਪ ਸਿੰਘ ਨੇ ਦੱਸਿਆ ਕਿ ਉਹ ਦੋ ਵਾਰ ਕੌਂਸਲਰ ਰਹੇ ਹਨ ਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੌਂਸਲਰ ਆਪਣੀ ਜ਼ਿੰਮੇਵਾਰੀ ਸਮਝ ਕੇ ਲੋਕਾਂ ਦੇ ਕੰਮ ਕਰਵਾਉਂਦੇ ਸਨ ਪਰ ਹੁਣ ਨਾ ਕੌਂਸਲਰ ਆਪਣੀ ਜ਼ਿੰਮੇਵਾਰੀ ਸਮਝਦਾ ਹੈ ਤੇ ਅਧਿਕਾਰੀ ਉਨ੍ਹਾਂ ਤੋਂ ਵੀ ਟੱਪੇ ਹੋਏ ਹਨ। ਸਰਕਾਰ ਦੀਆਂ ਫ਼ੌਕੀ ਗੱਲਾਂ ਨਾਲ ਨਹੀਂ ਵਿਕਾਸ ਹੁੰਦਾ, ਵਿਕਾਸ ਕਰਵਾਉਣ ਲਈ ਜ਼ਿੰਮੇਵਾਰੀ ਨਾਲ ਕੰਮ ਕਰਨਾ ਪੈਂਦਾ ਹੈ।
ਧਰਨੇ ਦੌਰਾਨ ਨਗਰ ਕੌਂਸਲ ਦੇ ਸੀਨੀਅਰ ਵਾਈਸ ਪ੍ਰਧਾਨ ਸਵਤੰਤਰ ਕੁਮਾਰ ਜੋਸ਼ੀ ਨੇ ਮੌਕੇ ’ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਇਹ ਸਮੱਸਿਆ ਹੱਲ ਕਰਵਾਈ ਜਾ ਰਹੀ ਹੈ। ਨਗਰ ਕੌਂਸਲ ਉਨ੍ਹਾਂ ਦਾ ਪੂਰਾ ਸਹਿਯੋਗ ਕਰ ਰਹੀ ਹੈ। ਭਰੋਸੇ ਮਗਰੋਂ ਧਰਨਾ ਚੁੱਕ ਲਿਆ ਗਿਆ ਤੇ ਆਵਾਜਾਈ ਸੁਚਾਰੂ ਰੂਪ ਵਿਚ ਸ਼ੁਰੂ ਹੋ ਗਈ।