ਜੋਗਿੰਦਰ ਸਿੰਘ ਮਾਨ/ਸੱਤ ਪ੍ਰਕਾਸ਼ ਸਿੰਗਲਾ
ਮਾਨਸਾ/ਬਰੇਟਾ, 16 ਜੁਲਾਈ
ਜ਼ਿਲ੍ਹਾ ਮਾਨਸਾ ਵਿੱਚੋਂ ਲੰਘਦੇ ਘੱਗਰ ਦੇ ਚਾਂਦਪੁਰਾ ਬੰਨ੍ਹ ’ਤੇ ਪਏ ਪਾੜ ਨੂੰ ਅੱਜ ਦੂਜੇ ਦਿਨ ਵੀ ਬੰਦ ਨਹੀਂ ਕੀਤਾ ਜਾ ਸਕਿਆ ਹੈ, ਹੁਣ ਇਹ ਪਾੜ ਪਹਿਲਾਂ ਨਾਲੋਂ ਵੀ ਜ਼ਿਆਦਾ ਚੌੜਾ ਹੋ ਗਿਆ ਹੈ। ਫੌਜ ਵੱਲੋਂ ਭਾਵੇਂ ਇਸ ਪਾੜ ਨੂੰ ਪੂਰਨ ਲਈ ਤਕਨੀਕੀ ਜਾਇਜ਼ਾ ਲਿਆ ਗਿਆ, ਪਰ ਇਸ ਵਿੱਚੋਂ ਪਾਣੀ ਦਾ ਵਹਾਅ ਅਜੇ ਤਕ ਜਾਰੀ ਹੈ। ਚਾਂਦਪੁਰਾ ਬੰਨ੍ਹ ਟੁੱਟਣ ਤੋਂ ਬਾਅਦ ਪਿੰਡ ਚਾਂਦਪੁਰਾ, ਸਧਾਨੀ, ਸਾਧਨਵਾਸ, ਬੱਬਣਪੁਰਾ, ਨਵਾਂ ਗਾਓਂ, ਕੁਲਰੀਆਂ, ਗੋਰਖਨਾਥ, ਬੀਰੇਵਾਲਾ ਡੋਗਰਾ ਅਤੇ ਚੱਕ ਅਲੀਸ਼ੇਰ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ।
ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਅਤੇ ‘ਆਪ’ ਦੇ ਸੂਬਾਈ ਪ੍ਰਧਾਨ ਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਅੱਜ ਸਵੇਰੇ ਫੌਜ ਦੀ ਟੀਮ ਵੱਲੋਂ ਚਾਂਦਪੁਰਾ ਦੇ ਟੁੱਟੇ ਹੋਏ ਬੰਨ੍ਹ ਨੂੰ ਬੰਦ ਕਰਨ ਲਈ ਟੈਕਨੀਕਲ ਰੂਪ ਵਿੱਚ ਜਾਇਜ਼ਾ ਲਿਆ ਗਿਆ ਹੈ। ਫ਼ੌਜ ਵਲੋਂ ਸ਼ਾਮ ਤੱਕ ਇਸ ਸਬੰਧੀ ਕੋਈ ਕਾਰਜ ਨਹੀਂ ਆਰੰਭੇ ਗਏ ਸਨ।
ਉਧਰ, ਚਾਂਦਪੁਰਾ ਬੰਨ ਟੁੱਟਣ ਤੋਂ ਬਾਅਦ ਪਾਣੀ ਦੇ ਵਧ ਰਹੇ ਪੱਧਰ ਕਾਰਨ ਅਜੇ ਵੀ ਖ਼ਤਰਾ ਬਣਿਆ ਹੋਇਆ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਘੱਗਰ ਵਿੱਚ 21 ਫੁੱਟ ਤੱਕ ਖ਼ਤਰੇ ਦਾ ਨਿਸ਼ਾਨ ਹੈ ਅਤੇ ਪਾਣੀ ਇਸ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਕੇ ਕਰੀਬ 23 ਫੁੱਟ ਤੱਕ ਪਹੁੰਚ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਜੇ ਇਹ ਪਾਣੀ 24 ਫੁੱਟ ਨੂੰ ਪਾਰ ਕਰ ਗਿਆ ਤਾਂ ਹਰਿਆਣਾ ਸਣੇ ਮਾਨਸਾ ਦੇ ਪਿੰਡਾਂ ਵਿੱਚ ਵੱਡੀ ਤਬਾਹੀ ਮਚਾਏਗਾ, ਜਿਸ ਕਾਰਨ ਲੋਕ ਸਹਿਮੇ ਹੋਏ ਹਨ।
ਚਾਂਦਪੁਰਾ ਬੰਨ੍ਹ ਨੇੜਲੇ ਪਿੰਡਾਂ ਵਿਚ ਭਰਿਆ ਪਾਣੀ ਹਰਿਆਣਾ ਵਿਚ ਪੈਂਦੇ ਸਰਦਾਰੇਵਾਲਾ ਸਾਈਫਨ ’ਤੇ ਪਹੁੰਚ ਰਿਹਾ ਹੈ। ਇਹ ਪਾਣੀ ਪਿੰਡ ਅੱਕਾਂਵਾਲੀ, ਮੰਢਾਲੀ ਅਤੇ ਮਲਕੋ ਹੁੰਦਾ ਹੋਇਆ ਸਾਈਫਨ ਵਿੱਚ ਆਵੇਗਾ। ਜੇ ਪਾਣੀ ਜ਼ਿਆਦਾ ਭਰ ਗਿਆ ਤਾਂ ਸਰਦਾਰੇਵਾਲਾ ਬੰਨ੍ਹ ਵੀ ਟੁੱਟ ਸਕਦਾ ਹੈ।
ਚਾਂਦਪੁਰਾ ਬੰਨ੍ਹ ਤੋਂ ਪੀੜਤ ਹੋਏ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਘੱਗਰ ਦੇ ਕਿਨਾਰਿਆਂ ਦੀ ਸਫਾਈ ਕਰਵਾਈ ਜਾਵੇ।
ਇਸੇ ਦੌਰਾਨ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਹਰਿਆਣਾ ਸਰਕਾਰ ਤੋਂ ਪਿੰਡ ਸਰਦਾਰੇਵਾਲਾ ਸਾਈਫਨ ਦੀ ਸਫ਼ਾਈ ਕਰਵਾਉਣ ਦੀ ਮੰਗ ਕਰ ਚੁੱਕੇ ਹਨ।
ਘਰ ਛੱਡ ਕੇ ਜਾਣ ਲੱਗੇ ਡੇਢ ਦਰਜਨ ਤੋਂ ਵੱਧ ਪਿੰਡਾਂ ਦੇ ਲੋਕ
ਮਾਨਸਾ (ਪੱਤਰ ਪ੍ਰੇਰਕ): ਚਾਂਦਪੁਰਾ ਬੰਨ੍ਹ ਦੇ ਅੱਜ ਵੱਡੇ ਤੜਕੇ ਟੁੱਟਣ ਤੋਂ ਬਾਅਦ ਲਗਾਤਾਰ ਵਧ ਰਹੇ ਪਾੜ ਮਗਰੋਂ ਹੁਣ ਡੇਢ ਦਰਜਨ ਤੋਂ ਵੱਧ ਪਿੰਡਾਂ ਦੇ ਲੋਕ ਆਪਣੇ ਘਰ ਖਾਲੀ ਕਰ ਕੇ ਜਾਣ ਲੱਗੇ ਹਨ। ਭਾਵੇਂ ਪਾੜ ਪੂਰਨ ਲਈ ਫ਼ੌਜ ਪਹੁੰਚ ਗਈ ਹੈ ਪਰ ਰਾਤ ਦਾ ਸਮਾਂ ਹੋਣ ਕਾਰਨ ਲੋਕਾਂ ਨੂੰ ਘਰਾਂ ਦੀ ਸੰਭਾਲ ਦਾ ਡਰ ਹੋਣ ਕਰ ਕੇ ਉਹ ਘਰ ਛੱਡਣ ਲੱਗੇ ਹਨ। ਪਾੜ ਲਗਾਤਾਰ ਵਧਦਾ ਹੋਇਆ 100 ਫੁੱਟ ਤੋਂ ਵੱਧ ਹੋ ਗਿਆ ਹੈ। ਇਲਾਕੇ ਦੇ ਲੋਕ ਆਪਣੀਆਂ ਰਿਸ਼ਤੇਦਾਰੀਆਂ ਤੇ ਹੋਰ ਸੁਰੱਖਿਅਤ ਥਾਵਾਂ ’ਤੇ ਜਾਣ ਲੱਗੇ ਹਨ। ਪਤਾ ਲੱਗਿਆ ਹੈ ਕਿ ਚਾਂਦਪੁਰਾ ਪਿੰਡ ਵਿੱਚ ਘਰ-ਘਰ ਪਾਣੀ ਚਲਾ ਗਿਆ ਹੈ। ਇਸੇ ਤਰ੍ਹਾਂ ਪਿੰਡ ਕੁਲਰੀਆਂ, ਧਰਮਪੁਰਾ, ਸਸਪਾਲੀ, ਕਾਹਨਗੜ੍ਹ, ਬੀਰੇਵਾਲਾ ਡੋਗਰਾ ਤੇ ਭੀਮੜਾ ਆਤਿ ਪਿੰਡਾਂ ਵਿੱਚ ਸਵੇਰ ਤੱਕ ਪਾਣੀ ਦੇ ਪੁੱਜਣ ਦਾ ਡਰ ਹੈ। ਪ੍ਰਸ਼ਾਸਨ ਵੱਲੋਂ ਭਾਵੇਂ ਰਾਹਤ ਕੈਂਪ ਬਣਾਏ ਗਏ ਹਨ, ਪਰ ਉਨ੍ਹਾਂ ਵੱਲੋਂ ਵੀ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਸਲਾਹ ਦਿੱਤੀ ਗਈ ਹੈ। ਇਸੇ ਤਰ੍ਹਾਂ ਮੋਫ਼ਰ, ਨੰਦਗੜ੍ਹ, ਦਾਨੇਵਾਲਾ ਦੇ ਲੋਕਾਂ ਨੇ ਆਪਣੇ ਘਰਾਂ ਦਾ ਕੀਮਤੀ ਸਾਮਾਨ ਸਣੇ ਪਸ਼ੂਆਂ ਨੂੰ ਦੂਰ-ਦੁਰਾਡੇ ਲਿਜਾਣਾ ਆਰੰਭ ਕਰ ਦਿੱਤਾ ਹੈ। ਮੋਫ਼ਰ ਪਿੰਡ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਨੇ ਕਿਹਾ ਕਿ ਇਲਾਕੇ ਦੇ ਗੁਰੂ ਘਰਾਂ ਵਿੱਚ ਲੋਕਾਂ ਦੇ ਰਹਿਣ-ਸਹਿਣ ਅਤੇ ਰਾਹਤ ਕੈਂਪ ਲਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਡੀਸੀ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਅਕਸਰ ਹੜ੍ਹਾਂ ਦੀ ਮਾਰ ਹੇਠ 39 ਪਿੰਡ ਆਉਂਦੇ ਹਨ। ਇਨ੍ਹਾਂ ਵਿੱਚੋਂ 23 ਬੁਢਲਾਡਾ ਸਬ-ਡਿਵੀਜ਼ਨ ਜਦੋਂਕਿ 16 ਪਿੰਡਾਂ ਦਾ ਸਬੰਧ ਸਬ-ਡਿਵੀਜ਼ਨ ਸਰਦੂਲਗੜ੍ਹ ਨਾਲ ਹੈ। ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਮੰਨਿਆ ਕਿ ਲੋਕ ਸੁਰੱਖਿਅਤ ਥਾਵਾਂ ’ਤੇ ਜਾ ਰਹੇ ਹਨ। ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਹਰ ਤਰ੍ਹਾਂ ਦਾ ਸਾਥ ਦਿੱਤਾ ਜਾ ਰਿਹਾ ਹੈ।
ਸਿਰਸਾ: ਘੱਗਰ ’ਚ ਅੱਧੀ ਦਰਜਨ ਤੋਂ ਜ਼ਿਆਦਾ ਪਾੜ ਪਏ
ਸਿਰਸਾ (ਪ੍ਰਭੂ ਦਿਆਲ): ਘੱਗਰ ਦੇ ਕਈ ਬੰਨ੍ਹ ਟੁੱਟਣ ਕਾਰਨ ਦਰਜਨਾਂ ਪਿੰਡਾਂ ਦੀ ਹਜ਼ਾਰਾਂ ਕਿੱਲੇ ਫ਼ਸਲ ਡੁੱਬ ਗਈ ਹੈ। ਪਿੰਡਾਂ ’ਚ ਹੜ੍ਹ ਦੇ ਡਰ ਕਾਰਨ ਕਈ ਪਿੰਡਾਂ ਦੇ ਲੋਕ ਆਪਣਾ ਸਾਮਾਨ ਘਰੋਂ ਕੱਢ ਰਹੇ ਹਨ। ਇਸੇ ਦੌਰਾਨ ਮੀਂਹ ਨੇ ਉਨ੍ਹਾਂ ਦੀ ਮੁਸੀਬਤ ਹੋਰ ਵਧਾ ਦਿੱਤੀ ਹੈ। ਐਨਡੀਆਰਐਫ ਦੀਆਂ ਦੋ ਕੰਪਨੀਆਂ ਸਿਰਸਾ ਪੁੱਜ ਗਈਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਫ਼ੌਜ ਨਾਲ ਵੀ ਸੰਪਰਕ ਕੀਤਾ ਹੈ। ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਦੱਸਿਆ ਹੈ ਕਿ ਘੱਗਰ ’ਚ ਇਸ ਸਮੇਂ 46,000 ਕਿਊਸਕ ਪਾਣੀ ਚੱਲ ਰਿਹਾ ਹੈ, ਜੋ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਹੜ੍ਹ ਦੇ ਹਾਲਾਤ ਨਾਲ ਨਜਿੱਠਣ ਲਈ ਪੂਰੀ ਵਾਹ ਲਾ ਰਿਹਾ ਹੈ। ਘੱਗਰ ’ਚ ਵਧ ਰਹੇ ਪਾਣੀ ਨੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਪਾਣੀ ਵਧਣ ਕਾਰਨ ਅੱਜ ਮੀਰਪੁਰ, ਖੈਰੇਕਾਂ ਤੇ ਅਹਿਮਦਪੁਰ ਨੇੜੇ ਘੱਗਰ ਦੇ ਬੰਨ੍ਹ ਟੁੱਟ ਗਏ। ਉਧਰ ਪਿੰਡ ਮੁਸਾਹਿਬ ਵਾਲਾ ਨੇੜੇ ਪਿਆ ਪਾੜ ਅਜੇ ਪੂਰਿਆ ਨਹੀਂ ਜਾ ਸਕਿਆ। ਜ਼ਿਲ੍ਹਾ ਪ੍ਰਸ਼ਾਸਨ ਤੇ ਲੋਕਾਂ ਵੱਲੋਂ ਕੀਤੇ ਯਤਨਾਂ ਨਾਲ ਹਾਲੇ ਤਕ ਕਿਸੇ ਪਿੰਡ ’ਚ ਪਾਣੀ ਨਹੀਂ ਵੜਿਆ ਹੈ ਪਰ ਖ਼ਤਰਾ ਟਲਿਆ ਨਹੀਂ। ਲੋਕ ਆਪਣੇ ਘਰ ਖਾਲੀ ਕਰ ਕੇ ਉੱਚੀਆਂ ਥਾਵਾਂ ’ਤੇ ਜਾ ਬੈਠੇ ਹਨ ਪਰ ਮੀਂਹ ਨੇ ਉਨ੍ਹਾਂ ਦੀਆਂ ਮੁਸੀਬਤਾਂ ਹੋਰ ਵਧਾ ਦਿੱਤੀਆਂ ਹਨ। ਕਿਸਾਨ ਆਗੂ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਹੜ੍ਹ ਬਚਾਅ ਲਈ ਪਹਿਲਾਂ ਤਾਂ ਕੋਈ ਕੰਮ ਨਹੀਂ ਕੀਤਾ ਜਦੋਂ ਹੁਣ ਮੁਸੀਬਤ ਸਿਰ ’ਤੇ ਆਈ ਹੈ ਤਾਂ ਹੁਣ ਪੱਬਾਂ ਭਾਰ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਸਭਾ ਲਗਾਤਾਰ ਮੰਗ ਕਰ ਰਹੀ ਸੀ ਕਿ ਘੱਗਰ ਦੀ ਧਾਰ ਵਾਲੇ ਇਲਾਕੇ ਦੀ ਖੁਦਾਈ ਕਰਵਾਈ ਜਾਵੇ। ਰਾਜਸਥਾਨ ਸਾਈਫਨ ਦੀ ਸਮਰੱਥਾ 16 ਹਜ਼ਾਰ ਕਿਊਸਿਕ ਤੋਂ ਦੁੱਗਣੀ ਕੀਤੇ ਜਾਣ ਦੀ ਮੰਗ ਨੂੰ ਵੀ ਪੂਰਾ ਨਹੀਂ ਕੀਤਾ ਗਿਆ।