ਪੱਤਰ ਪ੍ਰੇਰਕ
ਮਾਨਸਾ, 31 ਅਕਤੂਬਰ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਮਜ਼ਦੂਰ ਜਥੇਬੰਦੀਆਂ ਦੇ ਸੰਘਰਸ਼ ਦੇ ਦਬਾਅ ਹੇਠ ਭਾਵੇਂ ਪੰਜਾਬ ਸਰਕਾਰ ਨੇ ਬੇਜ਼ਮੀਨੇ ਗਰੀਬਾਂ ਨੂੰ 5-5 ਮਰਲੇ ਪਲਾਟ ਦੇਣ ਦੇ ਐਲਾਨ ਤੋਂ ਬਾਅਦ ਪਿੰਡਾਂ ਦੀਆਂ ਕਾਂਗਰਸੀ ਪੰਚਾਇਤਾਂ ਤੇ ਅਫ਼ਸਰਸ਼ਾਹੀ ਮਜ਼ਦੂਰਾਂ ਨੂੰ ਖੱਜਲ ਖੁਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਚੰਨੀ ਸਰਕਾਰ ਪਲਾਟਾਂ ਦੇ ਨਾਂ ’ਤੇ ਮਜ਼ਦੂਰ ਵਰਗ ਤੋਂ ਵੋਟਾਂ ਵਟੋਰਨਾ ਚਾਹੁੰਦੀ ਹੈ। ਉਹ ਮਾਨਸਾ ਨੇੜਲੇ ਪਿੰਡ ਖੋਖਰ ਕਲਾਂ ਅਤੇ ਖਿਆਲਾਂ ਕਲਾਂ ਵਿਖੇ ਮਜ਼ਦੂਰ ਇੱਕਠ ਨੂੰ ਸੰਬੋਧਨ ਕਰ ਰਹੇ ਸਨ। ਕਾਮਰੇਡ ਸਮਾਓਂ ਨੇ ਕਿਹਾ ਕਿ ਪਲਾਟ ਪ੍ਰਦਾਨ ਕਰਨ ਦੇ ਨਾਲ ਬਿਜਲੀ ਬਿੱਲ ਮੁਆਫ਼ ਕਰਨਾ ਦੇ ਐਲਾਨ ਸਰਕਾਰ ਦੇ ਖੋਖਲੇ ਵਾਅਦੇ ਸਾਬਿਤ ਹੋ ਰਹੇ ਹਨ, ਕਿਉਂਕਿ ਕਾਂਗਰਸੀ ਲੀਡਰ ਅੱਜ ਵੋਟਾਂ ਬਟੋਰਨ ਲਈ ਲੋਕਾਂ ਨੂੰ ਸੁਵਿਧਾ ਕੈਂਪ ਲਾਕੇ ਜਿੱਥੇ ਖੱਜਲ-ਖੁਆਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਬੇਘਰਿਆਂ ਦੀ ਪੜਤਾਲ ਦੇ ਨਾਂ ’ਤੇ ਅਸਲ ਹੱਕਦਾਰਾਂ ਨੂੰ ਨਜਰ-ਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਅੰਦਰ ਅਬਾਦੀ ਦੇ ਹਿਸਾਬ ਨਾਲ ਪਲਾਟ ਦੇਣ ਦੀ ਥਾਂ ਸਿਆਸੀ ਵਿਤਕਰੇਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਲਾਕੇ ਅੰਦਰ ਗੁਲਾਬੀ ਸੁੰਡੀ ਕਾਰਨ ਮਰੇ ਨਰਮੇ ਦਾ ਮੁਆਵਜ਼ਾ ਕਿਸਾਨਾਂ ਦੇ ਨਾਲ ਮਜ਼ਦੂਰ ਪਰਿਵਾਰਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਔਰਤਾਂ ਸਿਰ ਚੜ੍ਹਿਆ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਸਲਿਆਂ ਨੂੰ ਹੱਲ ਕਰਵਾਉਣ ਲਈ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਸਰਕਾਰ ਨਾਲ ਹੋਣ ਵਾਲੀ ਪਹਿਲੀ ਨਵੰਬਰ ਦੀ ਮੀਟਿੰਗ ਵਿੱਚ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ। ਇਸ ਮੌਕੇ ਕਾਮਰੇਡ ਮਹਿੰਦਰ ਕੌਰ ਖੋਖਰ, ਹਰਦੇਵ ਖਿਆਲਾ,ਹਾਕਮ ਖਿਆਲਾ,ਕਰਨੈਲ ਖਿਆਲਾ ਨੇ ਵੀ ਸੰਬੋਧਨ ਕੀਤਾ।