ਇਕਬਾਲ ਸਿੰਘ ਸ਼ਾਂਤ
ਲੰਬੀ, 11 ਦਸੰਬਰ
ਪੁਲੀਸ ਨੇ ਲੰਬੀ ਹਲਕੇ ਵਿੱਚ ਕੈਂਟਰ ’ਤੇ ਲਿਜਾਈ ਜਾ ਰਹੀ ਹਰਿਆਣਵੀ ਸ਼ਰਾਬ ਦੇ 190 ਡੱਬਿਆਂ ਦੀ ਬਰਾਮਦਗੀ ਕੀਤੀ ਹੈ। ਗ੍ਰਿਫ਼ਤਾਰ ਡਰਾਈਵਰ ਦੇ ਪੁਲੀਸ ਕੋਲ ਖੁਲਾਸੇ ਮੁਤਾਬਕ ਹਰਿਆਣਵੀ ਸ਼ਰਾਬ ਫਸਟ ਚੁਆਇਸ ਦੀ ਖੇਪ ਸ੍ਰੀ ਮੁਕਤਸਰ ਸਾਹਿਬ ਵਿੱਚ ਅਨਜਾਣ ਜਗ੍ਹਾ ’ਤੇ ਦਿੱਤੀ ਜਾਣੀ ਸੀ। ਪੁਲੀਸ ਨੂੰ ਭੁਲੇਖਾ ਪਾਉਣ ਖਾਤਰ ਰੁਕਣ ਪੁਰਾ ਉਰਫ਼ ਖੂਹੀ ਖੇੜਾ (ਫਾਜ਼ਿਲਕਾ) ਵਾਸੀ ਡਰਾਈਵਰ ਗੁਰਲਾਲ ਸਿੰਘ ਉਰਫ਼ ਲਾਲੀ ਨੇ ਸ਼ਰਾਬ ਦੀਆਂ ਪੇਟੀਆਂ ਕੈਂਟਰ ਵਿੱਚ ਤ੍ਰਿਪਾਲ ਨਾਲ ਢਕੀਆਂ ਹੋਈਆਂ ਸਨ।
ਥਾਣਾ ਲੰਬੀ ਦੇ ਕਾਰਜਕਾਰੀ ਮੁਖੀ ਪ੍ਰਿਤਪਾਲ ਸਿੰਘ ਪੁਲਿਸ ਟੀਮ ਸਮੇਤ ਪਿੰਡ ਸਿੰਘੇਵਾਲਾ ਵਿੱਚ ਕੱਸੀ ਦੇ ਪੁਲ ਨੇੜੇ ਗਸ਼ਤ ਕਰ ਰਹੇ ਸਨ। ਉਸੇ ਦੌਰਾਨ ਮੰਡੀ ਕਿੱਲਿਆਂਵਾਲੀ ਵਾਲੇ ਪਾਸਿਓਂ ਆਇਸ਼ਰ ਕੈਂਟਰ ਨੰਬਰ ਐੱਚ. ਆਰ 57/1713 ਆਉਂਦਾ ਵਿਖਾਈ ਦਿੱਤਾ। ਪੁਲੀਸ ਪਾਰਟੀ ਨੂੰ ਵੇਖ ਕੇ ਡਰਾਈਵਰ ਘਬਰਾ ਗਿਆ। ਇਸ ਦੌਰਾਨ ਮਾਮਲਾ ਸ਼ੱਕੀ ਜਾਪਣ ’ਤੇ ਪੁਲੀਸ ਅਮਲੇ ਨੇ ਪੜਤਾਲ ਕੀਤੀ ਤਾਂ ਉਸ ਵਿੱਚੋਂ 190 ਡੱਬੇ (2280 ਬੋਤਲ) ਹਰਿਆਣਵੀ ਸ਼ਰਾਬ ਫਸਟ ਚੁਆਇਸ ਬਰਾਮਦ ਹੋਈਆਂ। ਲੰਬੀ ਪੁਲੀਸ ਨੇ ਸ਼ਰਾਬ ਅਤੇ ਕੈਂਟਰ ਕਬਜ਼ੇ ਵਿੱਚ ਲੈ ਕੇ ਡਰਾਈਵਰ ਗੁਰਲਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਖਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ ਡਰਾਈਵਰ ਨੂੰ ਅੱਜ ਮਲੋਟ ਵਿੱਚ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਇੱਕ ਦਿਨਾਂ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।