ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 24 ਜੂਨ
ਖੇਤੀਬਾੜੀ ਵਿਭਾਗ ਵੱਲੋਂ ਅੱਜ ਬਲਾਕ ਖੇਤੀਬਾੜੀ ਅਫਸਰ ਡਾ. ਹਰਪ੍ਰੀਤ ਪਾਲ ਕੌਰ ਦੀ ਅਗਵਾਈ ਹੇਠ ਖਾਦ ਅਤੇ ਕੀਟਨਾਸ਼ਕ ਦਵਾਈ ਵਿਕ੍ਰੇਤਾਵਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਲਗਭਗ 8 ਦੁਕਾਨਾਂ ’ਤੇ ਜਾ ਕੇ ਰਿਕਾਰਡ ਦੀ ਜਾਂਚ ਕੀਤੀ ਗਈ ਅਤੇ ਖਾਦ ਤੇ ਕੀਟਨਾਸ਼ਕ ਦਵਾਈਆਂ ਦੇ ਸਟਾਕ ਦੀ ਜਾਣਕਾਰੀ ਲਈ ਗਈ। ਇਸ ਮੌਕੇ ਬਲਦੇਵ ਸਿੰਘ ਏਡੀਓ, ਲਵਪ੍ਰੀਤ ਸਿੰਘ ਏਡੀਓ ਅਤੇ ਪਰਵਿੰਦਰ ਸਿੰਘ ਏਡੀਓ ਮੌਜੂਦ ਸਨ।
ਇਸ ਸਬੰਧੀ ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਕੋਈ ਵੀ ਖਾਦ ਜਾਂ ਦਵਾਈ ਵਿਕ੍ਰੇਤਾ ਅਣਅਧਿਕਾਰਤ ਖਾਦ ਜਾਂ ਦਵਾਈ ਨਾ ਵੇਚਣ ਅਤੇ ਸਰਕਾਰ ਵੱਲੋਂ ਮਨਜੂਰਸ਼ੁਦਾ ਕੰਪਨੀਆਂ ਦੀ ਦਵਾਈ ਹੀ ਵੇਚੀ ਜਾਵੇ। ਇਸ ਤੋਂ ਇਲਾਵਾ ਖਾਦ ਦੀ ਸਪਲਾਈ ਸਮੇਂ ਕੋਈ ਕੁਤਾਹੀ ਨਾ ਕੀਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੀਟਨਾਸ਼ਕ ਦਵਾਈਆਂ ਦਾ ਪੱਕਾ ਬਿੱਲ ਲਿਆ ਜਾਵੇ ਤਾਂ ਜੋ ਕਿਸਾਨਾਂ ਨੂੰ ਫਸਲਾਂ ਲਈ ਕਿਸੇ ਕਿਸਮ ਦਾ ਖਤਰਾ ਨਾ ਹੋਵੇ। ਉਨ੍ਹਾਂ ਕਿਹਾ ਕਿ ਕਈ ਵਾਰ ਕਿਸਾਨ ਪੱਕਾ ਬਿੱਲ ਨਹੀਂ ਲੈਂਦੇ ਅਤੇ ਨੁਕਸਾਨ ਹੋਣ ਦੀ ਸਥਿੱਤੀ ’ਚ ਉਨ੍ਹਾਂ ਕੋਲ ਕੋਈ ਵੀ ਰਿਕਾਰਡ ਨਹੀਂ ਹੁੰਦਾ।