ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਜਲਾਲਾਬਾਦ, 5 ਜੁਲਾਈ
ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਅੱਜ ਜਲਾਲਾਬਾਦ ਦੇ ਸਿਵਲ ਹਸਪਤਾਲ ਅਤੇ ਸਰਕਾਰੀ ਕੰਨਿਆ ਸੀਨਿਅਰ ਸੈਕੰਡਰੀ ਸਕੂਲ ਦਾ ਅਚਾਨਕ ਦੌਰਾ ਕਰਕੇ ਇੱਥੇ ਉਪਲਬੱਧ ਸਹੁੂਲਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਐਮਰਜੈਂਸੀ, ਸਟਾਫ ਰੂਮ, ਫਾਰਮੇਸੀ ਅਤੇ ਓਪੀਡੀ ਚੈੱਕ ਕੀਤੀ ਅਤੇ ਸਟਾਫ ਦੀ ਹਾਜ਼ਰੀ ਵਾਲਾ ਰਜਿਸਟਰ ਵੀ ਦੇਖਿਆ। ਉਨ੍ਹਾਂ ਨੇ ਇੱਥੇ ਸਫਾਈ ਵਿਵਸਥਾ ਹੋਰ ਦਰੁਸਤ ਕਰਨ ਦੀ ਹਦਾਇਤ ਕੀਤੀ। ਇਸ ਮਗਰੋਂ ਡੀਸੀ ਨੇ ਸਰਕਾਰੀ ਸੀਨਿਅਰ ਸੈਕੰਡਰੀ ਕੰਨਿਆ ਸਕੂਲ ਦਾ ਦੌਰਾ ਕਰਕੇ ਇੱਥੇ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ ਅਤੇ ਸਕੂਲ ਸਟਾਫ ਤੋਂ ਸਕੂਲ ਦੀ ਬਿਹਤਰੀ ਸਬੰਧੀ ਜਾਣਕਾਰੀ ਹਾਸਲ ਕੀਤੀ। ਇੱਥੇ ਉਨ੍ਹਾਂ ਨੇ ਸਕੂਲ ਦੀ ਲਾਇਬ੍ਰੇਰੀ, ਮਿੱਡ-ਡੇਅ ਮੀਲ, ਪਖਾਨੇ ਅਤੇ ਹੋਰ ਬਲਾਕਾਂ ਦਾ ਆਪ ਜਾ ਕੇ ਜਾਇਜ਼ਾ ਲਿਆ ਅਤੇ ਹਦਾਇਤ ਕੀਤੀ ਕਿ ਸਰਕਾਰ ਵੱਲੋਂ ਨਿਰਧਾਰਤ ਮਾਪਦੰਡ ਅਨੁਸਾਰ ਸਕੂਲ ਵਿਚ ਹਰ ਵਿਵਸਥਾ ਕੀਤੀ ਜਾਵੇ। ਇਸ ਮੌਕੇ ਉਨ੍ਹਾਂ ਦੇ ਨਾਲ ਜਲਾਲਾਬਾਦ ਦੇ ਐੱਸਡੀਐੱਮ ਰਵਿੰਦਰ ਸਿੰਘ ਅਰੋੜਾ ਵੀ ਹਾਜ਼ਰ ਸਨ।