ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 29 ਸਤੰਬਰ
ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ. ਮਨਜੀਤ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਅੱਜ ਭਗਤਾ ਭਾਈ ਵਿੱਚ ਕੀਟਨਾਸ਼ਕਾਂ ਵਾਲੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਚੈਕਿੰਗ ਟੀਮ ਵਿੱਚ ਡਾ. ਜਸਵੀਰ ਸਿੰਘ ਗੁੰਮਟੀ, ਡਾ. ਗੁਰਪ੍ਰੀਤ ਸਿੰਘ, ਡਾ. ਲਵਪ੍ਰੀਤ ਕੌਰ, ਡਾ. ਰਾਜਵੀਰ ਸਿੰਘ ਤੇ ਡਾ. ਦਵਿੰਦਰ ਸਿੰਘ ਸ਼ਾਮਲ ਸਨ। ਟੀਮ ਦੇ ਸੀਨੀਅਰ ਮੈਂਬਰ ਡਾ. ਜਸਵੀਰ ਸਿੰਘ ਗੁੰਮਟੀ ਨੇ ਦੱਸਿਆ ਕਿ ਟੀਮ ਵੱਲੋਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਦੇ ਨਾਲ-ਨਾਲ ਸ਼ੱਕੀ ਜ਼ਹਿਰਾਂ ਤੇ ਦਵਾਈਆਂ ਦੇ ਵੀ ਸੈਂਪਲ ਭਰੇ ਗਏ। ਡਾ. ਗੁੰਮਟੀ ਨੇ ਦੁਕਾਨਦਾਰਾਂ ਤੇ ਡੀਲਰਾਂ ਨੂੰ ਵੀ ਹਦਾਇਤ ਕੀਤੀ ਕਿ ਕੀਟਨਾਸ਼ਕਾਂ ਤੇ ਬਿੱਲਾਂ ਰਾਹੀਂ ਹੀ ਦਿੱਤੀਆਂ ਜਾਣ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੋਈ ਵੀ ਖੇਤੀ ਸਮੱਗਰੀ ਖਰੀਦਣ ਵੇਲੇ ਦੁਕਾਨਦਾਰਾਂ ਤੋਂ ਪੱਕਾ ਬਿੱਲ ਜ਼ਰੂਰ ਲੈਣ। ਉਨ੍ਹਾਂ ਕਿਹਾ ਕਿ ਜੇ ਦੁਕਾਨਦਾਰ ਕਿਸਾਨਾਂ ਨੂੰ ਪੱਕਾ ਬਿੱਲ ਦੇਣ ਤੋਂ ਮਨ੍ਹਾਂ ਕਰਦਾ ਹੈ ਤਾਂ ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਜਾਵੇ।