ਜਸਵੰਤ ਜੱਸ
ਫ਼ਰੀਦਕੋਟ, 23 ਜੁਲਾਈ
ਫ਼ਰੀਦਕੋਟ ਦਾ ਪ੍ਰਸ਼ਾਸਨ ਸ਼ਹਿਰ ਦੇ ਇਕਲੌਤੇ ਪਾਰਕ ਨੂੰ ਸਾਂਭਣ ਵਿੱਚ ਨਾਕਾਮ ਰਿਹਾ ਹੈ। ਫ਼ਰੀਦਕੋਟ-ਕੋਟਕਪੂਰਾ ਸੜਕ ਉੱਪਰ ਨਹਿਰਾਂ ਦੇ ਨਾਲ ਸੱਭਿਆਚਾਰਕ ਵਿਭਾਗ ਪੰਜਾਬ ਵੱਲੋਂ ਬੱਚਿਆਂ ਦੇ ਮਨੋਰੰਜਨ ਲਈ ਉਸਾਰੇ ਗਏ ਪਾਰਕ ਵਿੱਚ ਪਿਛਲੇ ਦੋ ਸਾਲ ਤੋਂ ਬੱਚੇ ਕਦੇ ਨਹੀਂ ਗਏ। ਇਸ ਕਰਕੇ ਬੱਚਿਆਂ ਲਈ ਇੱਥੇ ਲਾਏ ਝੂਲੇ ਅਤੇ ਹੋਰ ਮਨੋਰੰਜਨ ਦਾ ਸਾਮਾਨ ਵੀ ਕਬਾੜ ਹੋ ਗਿਆ ਹੈ ਅਤੇ ਫੁੱਲਾਂ ਦੀ ਥਾਂ ਪਾਰਕ ਵਿੱਚ ਗਾਜਰ ਬੂਟੀ ਤੇ ਹੋਰ ਘਾਹ-ਫੂਸ ਉੱਗਿਆ ਹੋਇਆ ਹੈ।
ਹਾਲਾਂਕਿ ਫ਼ਰੀਦਕੋਟ ਸ਼ਹਿਰ ਦੇ ਲੋਕਾਂ ਦੀ ਮੰਗ ‘ਤੇ ਅਗਸਤ 2018 ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ 20 ਲੱਖ ਰੁਪਏ ਖਰਚ ਕੇ ਇਸ ਪਾਰਕ ਨੂੰ ਇੱਕ ਵਾਰ ਚਾਲੂ ਕਰ ਦਿੱਤਾ ਸੀ ਅਤੇ ਇਸ ਦੀ ਮੁਰੰਮਤ ਤੇ ਸਾਫ਼ ਸਫ਼ਾਈ ਕਰਵਾ ਦਿੱਤੀ ਸੀ। ਪ੍ਰੰਤੂ ਪਾਰਕ ਦੀ ਲਗਾਤਾਰ ਸਫ਼ਾਈ ਨਾ ਹੋਣ ਕਾਰਨ ਸਾਰਾ ਪਾਰਕ ਫਿਰ ਬੇਆਬਾਦ ਹੋ ਗਿਆ ਹੈ। ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਫਰੀਦਕੋਟ ਵਿੱਚ ਬੱਚਿਆਂ ਲਈ ਬਣਾਏ ਗਏ ਇਸ ਮਨੋਰੰਜਨ ਪਾਰਕ ਦੀ ਹਾਲਤ ਕਾਫੀ ਖਸਤਾ ਹੈ ਅਤੇ ਉਨ੍ਹਾਂ ਇਸ ਸਬੰਧੀ ਪੰਜਾਬ ਸਰਕਾਰ ਨੂੰ ਲਿਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਪਾਰਕ ਦੀ ਹਾਲਤ ਸੁਧਾਰ ਦਿੱਤੀ ਜਾਵੇਗੀ। ਬਾਸਕਟਬਾਲ ਦੇ ਕੌਮੀ ਖਿਡਾਰੀ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਇਕ ਪਾਸੇ ਸਰਕਾਰ ਪਿੰਡਾਂ ਵਿੱਚ ਸੈਂਕੜੇ ਕਰੋੜ ਰੁਪਏ ਖਰਚ ਕੇ ਪਾਰਕ ਬਣਾ ਰਹੀ ਹੈ ਅਤੇ ਇਸ ਦੇ ਨਾਲ ਹੀ ਪਹਿਲਾਂ ਬਣੇ ਪਾਰਕਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਸ਼ਹਿਰ ਦੀਆਂ ਸਾਂਝੀਆਂ ਥਾਵਾਂ ਦੀ ਜਾਣ ਬੁੱਝ ਕੇ ਅਣਦੇਖੀ ਕੀਤੀ ਜਾ ਰਹੀ ਹੈ ਅਤੇ ਸਰਕਾਰ ਇਨ੍ਹਾਂ ਜਨਤਕ ਥਾਵਾਂ ਨੂੰ ਨਕਾਰਾ ਕਰਕੇ ਅੱਗੇ ਵੇਚਣਾ ਚਾਹੁੰਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਪਾਰਕ ਨੂੰ ਪਹਿਲਾਂ ਠੇਕੇ ’ਤੇ ਦੇਣ ਦਾ ਫ਼ੈਸਲਾ ਕੀਤਾ ਸੀ ਪ੍ਰੰਤੂ ਕੁਝ ਕਾਰਨਾਂ ਕਰਕੇ ਪ੍ਰਸ਼ਾਸਨ ਇਸ ਪਾਰਕ ਨੂੰ ਠੇਕੇ ਉੱਪਰ ਨਹੀਂ ਦੇ ਸਕਿਆ ਅਤੇ ਨਾ ਹੀ ਇਸ ਪਾਰਕ ਨੂੰ ਚਲਾਉਣ ਲਈ ਆਪ ਕੋਈ ਗੰਭੀਰਤਾ ਦਿਖਾਈ। ਫ਼ਰੀਦਕੋਟ ਦੇ ਵਸਨੀਕ ਹੈਪੀ ਬਰਾੜ ਨੇ ਕਿਹਾ ਕਿ ਜਿੱਥੇ ਸ਼ਹਿਰ ਦੇ ਬੱਚਿਆਂ ਨੇ ਖੇਡ ਕੇ ਆਪਣਾ ਮਨੋਰੰਜਨ ਕਰਨਾ ਸੀ ਉਸੇ ਪਾਰਕ ਨੂੰ ਹੁਣ ਨਸ਼ੇੜੀ ਨਸ਼ੇ ਕਰਨ ਆਦਿ ਲਈ ਵਰਤ ਰਹੇ ਹਨ।