ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 2 ਜੁਲਾਈ
ਸ਼ਹਿਰ ਦੇ ਬਾਹਰਵਾਰ ਬਠਿੰਡਾ ਰੋਡ ’ਤੇ ਚੱਲ ਰਹੇ ਸੀਵਰੇਜ ਟਰੀਟਮੈਂਟ ਪਲਾਂਟ ਵਿੱਚ ਅੱਜ ਗੰਦੇ ਪਾਣੀ ਨੂੰ ਸਾਫ ਕਰਨ ਵਾਲੀ ਕਲੋਰੀਨ ਗੈਸ ਦਾ ਸਿਲੰਡਰ ਲੀਕ ਹੋਣ ਨਾਲ ਪਲਾਂਟ ਦਾ ਇੱਕ ਮੁਲਾਜ਼ਮ ਬੇਹੋਸ਼ ਹੋ ਗਿਆ, ਜਿਸ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ। ਗੈਸ ਦੀ ਮਾਰ ਹੇਠ ਆਉਣ ਕਾਰਨ ਨੇੜ੍ਹਲੇ ਖੇਤਾਂ ਦੀਆਂ ਫਸਲਾਂ ਅਤੇ ਦਰੱਖਤ ਵੀ ਪ੍ਰਭਾਵਿਤ ਹੋਏ।
ਪ੍ਰਾਪਤ ਜਾਣਕਾਰੀ ਅਨੁਸਾਰ ਟਰੀਟਮੈਂਟ ਪਲਾਂਟ ਵਿੱਚ ਰਾਤ ਸਮੇਂ ਗੰਦੇ ਪਾਣੀ ਨੂੰ ਸਾਫ ਕਰਨ ਵਾਲੀ ਕਲੋਰੀਨ ਗੈਸ ਦਾ ਇੱਕ ਸਿਲੰਡਰ ਲੀਕ ਹੋ ਗਿਆ ਤੇ ਆਲੇ ਦੁਆਲੇ ਗੈਸ ਫੇੈਲ ਹੋ ਗਈ। ਮਹਿਕਮੇ ਨੂੰ ਸਵੇਰੇ ਇਸ ਦਾ ਪਤਾ ਲੱਗਾ। ਪਲਾਂਟ ਵਿੱਚ ਕੰਮ ਕਰਦੇ ਇੱਕ ਕਰਮਚਾਰੀ ਉਦੈ ਸਿੰਘ ਨੇ ਜਦੋਂ ਲੀਕੇਜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੈਸ ਚੜ੍ਹਨ ਕਾਰਨ ਉਹ ਬੇਹੋਸ਼ ਹੋ ਗਿਆ। ਉਸ ਨੂੰ ਤੁਰਤ ਹਸਪਤਾਲ ਪਹੁੰਚਾਇਆ ਗਿਆ। ਗੈਸ ਲੀਕ ਹੋਣ ਦੀ ਸੂਚਨਾ ਮਿਲਦਿਆਂ ਹੀ ਤਲਵੰਡੀ ਸਾਬੋ ਅਤੇ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨਾ ਫੁੱਲੋ ਖ਼ਾਰੀ ਤੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਅਤੇ ਬਾਊਂਡਲ ਕੈਮੀਕਲ ਪਲਾਂਟ ਰਾਜਪੁਰਾ ਦੀ ਟੀਮ ਮੌਕੇ ’ਤੇ ਪਹੁੰਚੀ ਤੇ ਲੀਕੇਜ ਨੂੰ ਬੰਦ ਕੀਤਾ। ਹਵਾ ਦਾ ਰੁੱਖ ਸ਼ਹਿਰ ਵੱਲ ਨਾ ਹੋਣ ਕਰਕੇ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ।
ਨਗਰ ਕੌਂਸਲ ਤਲਵੰਡੀ ਸਾਬੋ ਦੇ ਈਓ ਸੁਖਦੇਵ ਸਿੰਘ ਤੇ ਜੇਈ ਦਵਿੰਦਰ ਕੁਮਾਰ ਨੇ ਦੱਸਿਆ ਕਿ ਸਿਲੰਡਰ ਦੇ ਵਾਲ ਵਿੱਚ ਕੋਈ ਨੁਕਸ ਪੈਣ ਨਾਲ ਗੈਸ ਲੀਕ ਹੋਈ ਹੈ। ਇਸ ਸਬੰਧੀ ਗੈਸ ਕੰਪਨੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਟਰੀਟਮੈਂਟ ਪਲਾਂਟ ਦੇ ਨਾਲ ਲੱਗਦੇ ਖੇਤ ਦੇ ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗੈਸ ਕਾਰਨ ਉਨ੍ਹਾਂ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਹੈ। ਜੇਈ ਦਵਿੰਦਰ ਕੁਮਾਰ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਦਾ ਕੋਈ ਫਸਲੀ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ।