ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 3 ਮਾਰਚ
ਬੀਤੀ ਰਾਤ ਪਿੰਡ ਰਣਸੀਂਹ ਕਲਾਂ ਦੇ ਖੇਤਾਂ ਵਿੱਚ ਸਥਿਤ ਰੁਪਿੰਦਰ ਸਿੰਘ ਭੁੱਚਾ ਦੇ ਮੱਛੀ ਅਤੇ ਮੁਰਗੀ ਫਾਰਮ ਵਿਚ ਚੌਕੀਦਾਰ ਵਜੋਂ ਕੰਮ ਕਰਦੇ ਬਲੌਰ ਸਿੰਘ ਵਾਸੀ ਰਣਸੀਂਹ ਕਲਾਂ ਦਾ ਅਣਪਛਾਤੇ ਵਿਅਕਤੀਆਂ ਨੇ ਕਹੀ ਅਤੇ ਹਥੌੜੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਰੁਪਿੰਦਰ ਸਿੰਘ ਭੁੱਚਾ ਨੇ ਦੱਸਿਆ ਕਿ ਉਹ ਸਵੇਰੇ ਖੇਤ ’ਚ ਜਦੋਂ ਬਲੌਰ ਸਿੰਘ ਦੀ ਚਾਹ ਲੈ ਕੇ ਗਿਆ ਤਾਂ ਬਲੌਰ ਸਿੰਘ ਮ੍ਰਿਤਕ ਹਾਲਤ ਵਿੱਚ ਪਾਇਆ ਗਿਆ। ਭੁੱਚਾ ਨੇ ਪੁਲੀਸ ਨੂੰ ਸੂਚਿਤ ਕੀਤਾ। ਥਾਣਾ ਮੁਖੀ ਅਮਰਜੀਤ ਸਿੰਘ ,ਚੌਕੀ ਇੰਚਾਰਜ ਜਸਵੰਤ ਸਿੰਘ ਸਰਾਂ ਤੇ ਰੀਡਰ ਸਰਬਣ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਵਾਰਦਾਤ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਕਤਲ ਲਈ ਵਰਤੇ ਗਏ ਹਥੌੜਾ, ਕਹੀ ਆਦਿ ਵੀ ਬਰਾਮਦ ਕਰ ਲਏ ਹਨ ਅਤੇ ਖੂਨ ਆਦਿ ਦੇ ਸੈਂਪਲ ਲੈਕੇ ਜਾਂਚ ਲਈ ਭੇਜੇ ਗਏ ਹਨ। ਨਿਹਾਲ ਸਿੰਘ ਵਾਲਾ ਪੁਲੀਸ ਨੇ ਮਿ੍ਤਕ ਦੇ ਪੁੱਤਰ ਜਗਜੀਤ ਸਿੰਘ ਦੇ ਬਿਆਨਾਂ ਉਪਰ ਅਣਪਛਾਤੇ ਕਾਤਲਾਂ ਖਿਲਾਫ਼ ਪਰਚਾ ਦਰਜ ਕਰ ਲਿਆ ਹੈ। ਥਾਣਾ ਮੁਖੀ ਅਮਰਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਜਲਦ ਗ੍ਰਿਫਤਾਰ ਕਰ ਲਏ ਜਾਣਗੇ।