ਪੱਤਰ ਪ੍ਰੇਰਕ
ਟੱਲੇਵਾਲ, 14 ਮਾਰਚ
ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਚੋਣਾਂ ਦੌਰਾਨ ਸ਼ਰਮਨਾਕ ਹਾਰ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁੱਧ ਪਾਰਟੀ ’ਚ ਬਗਾਵਤ ਸ਼ੁਰੂ ਹੋ ਗਈ ਹੈ। ਪਿੰਡ ਚੂੰਘਾਂ ਦੇ ਰਹਿਣ ਵਾਲੇ ਐੱਸਜੀਪੀਸੀ ਮੈਂਬਰ ਬਲਦੇਵ ਸਿੰਘ ਚੂੰਘਾਂ ਨੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੋ ਵਾਰ ਲਗਾਤਾਰ ਅਕਾਲੀ ਦਲ ਦੀ ਹਾਰ ਲਈ ਸਿੱਧੇ ਤੌਰ ’ਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਜ਼ਿੰਮੇਵਾਰ ਹਨ। ਪਾਰਟੀ ਦਾ ਨਿਘਾਰ ਉਸ ਵੇਲੇ ਹੀ ਸ਼ੁਰੂ ਹੋ ਗਿਆ ਸੀ ਜਦੋਂ ਪੰਥ ਦੀ ਥਾਂ ਪਾਰਟੀ ਨੂੰ ਪੰਜਾਬੀ ਪਾਰਟੀ ਵਿੱਚ ਤਬਦੀਲ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਿੱਥੇ ਸੁਖਬੀਰ ਬਾਦਲ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ, ਉੱਥੇ ਸਮੁੱਚੇ ਬਾਦਲ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਖਹਿੜਾ ਛੱਡ ਦੇਣਾ ਚਾਹੀਦਾ ਹੈ।
ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਦੇ ਬਿਆਨ ’ਤੇ ਵੀ ਇਤਰਾਜ਼ ਕੀਤਾ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਅਕਾਲੀ ਦਲ ਦੇ ਹਾਰਨ ਨਾਲ ਪੰਥ ਖ਼ਤਰੇ ਵਿੱਚ ਆ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਪੰਜਾਬ ਵਿੱਚ ਬਾਦਲ ਪਰਿਵਾਰ ਖਤਮ ਹੋਇਆ ਹੈ ਨਾ ਕਿ ਅਕਾਲੀ ਦਲ ਜਦਕਿ ਅਕਾਲੀ ਦਲ ਅੱਜ ਵੀ ਚੜ੍ਹਦੀ ਕਲਾ ਵਿੱਚ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਨੂੰ ਇਸ ਤਰ੍ਹਾਂ ਦਾ ਬਿਆਨ ਦੇਣਾ ਗਲਤ ਹੈ। ਜਿੰਨਾ ਸਮਾਂ ਬਾਦਲ ਪਰਿਵਾਰ ਤੋਂ ਅਕਾਲੀ ਦਲ ਦਾ ਖਹਿੜਾ ਨਹੀਂ ਛੁੱਟਦਾ, ਉੱਨਾ ਸਮਾਂ ਅਕਾਲੀ ਦਲ ਖੜ੍ਹਾ ਨਹੀਂ ਹੋ ਸਕਦਾ।