ਪਵਨ ਗੋਇਲ
ਭੁੱਚੋ ਮੰਡੀ, 3 ਫਰਵਰੀ
ਪਿੰਡ ਲਹਿਰਾ ਮੁਹੱਬਤ ਵਾਸੀਆਂ ਨੇ ਅੱਜ ਦੁਪਹਿਰ ਸਮੇਂ ਨਗਰ ਪੰਚਾਇਤ ਦਫ਼ਤਰ ਵਿੱਚ ਚੋਣਾਂ ਲਈ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਉਣ ਪਹੁੰਚੇ ਪਿੰਡ ਦੇ ਕਥਿਤ 11 ਕਾਂਗਰਸੀਆਂ ਦਾ ਘੇਰਾਓ ਕਰ ਲਿਆ। ਉਨ੍ਹਾਂ ਨਗਰ ਪੰਚਾਇਤ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਵਿਧਾਇਕ ਦੇ ਬਾਈਕਾਟ ਦਾ ਐਲਾਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਕਾਂਗਰਸੀ ਉਮੀਦਵਾਰ ਪਹਿਲਾਂ ਹੋਏ ਵਾਅਦੇ ਅਨੁਸਾਰ ਚੋਣਾਂ ਦਾ ਬਾਈਕਾਟ ਜਾਰੀ ਰੱਖਣ ਅਤੇ ਨਾਮਜ਼ਦਗੀਆਂ ਵਾਪਸ ਲੈਣ। ਟਕਰਾਅ ਤੋਂ ਬਚਾਅ ਲਈ ਪ੍ਰਸਾਸ਼ਨ ਨੇ ਐੱਸਪੀਡੀ ਬਲਵਿੰਦਰ ਸਿੰਘ ਅਤੇ ਡੀਐੱਸਪੀ ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਹੋਈ ਸੀ। ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂ ਜਗਜੀਤ ਸਿੰਘ ਲਹਿਰਾ, ਕਿਸਾਨ ਆਗੂ ਕਾਕਾ ਕੋਟੜਾ, ਗੁਰਮੇਲ ਸਿੰਘ, ਪ੍ਰਸ਼ੋਤਮ ਮਹਿਰਾਜ, ਜਿਊਣ ਸਿੰਘ ਤੇ ਕਰਮਜੀਤ ਸਿੰਘ, ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਦੇ ਪ੍ਰਧਾਨ ਜਗਰੂਪ ਸਿੰਘ ਨੇ ਕਿਹਾ ਕਿ ਪਿੰਡ ਦੀ ਨਗਰ ਪੰਚਾਇਤ ਨੂੰ ਮੁੜ ਗ੍ਰਾਮ ਪੰਚਾਇਤ ਬਣਾਉਣ ਲਈ ਪਿੰਡ ਵਾਸੀਆਂ ਨੇ ਸੰਘਰਸ਼ ਵਿੱਢਿਆ ਹੋਇਆ ਹੈ। ਇਸ ਦੌਰਾਨ ਸਾਰੇ ਸਿਆਸੀ ਆਗੂਆਂ ਅਤੇ ਪਿੰਡ ਵਾਸੀਆਂ ਨੇ ਗ੍ਰਾਮ ਪੰਚਾਇਤ ਬਣਨ ਤੱਕ ਸਰਬਸੰਮਤੀ ਨਾਲ ਚੋਣਾਂ ਦਾ ਪੂਰਨ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਸੀ, ਜੋ ਕਾਂਗਰਸੀਆਂ ਨੇ ਤੋੜ ਦਿੱਤਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕਾਂਗਰਸੀ ਆਪਣੇ ਕਾਗਜ਼ ਵਾਪਸ ਨਹੀਂ ਲੈਂਦੇ ਤਾਂ ਫੈਸਲੇ ਅਨੁਸਾਰ ਉਨ੍ਹਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਅਤੇ ਵਿਧਾਇਕ ਨੂੰ ਪਿੰਡ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ।
ਦੇਰ ਸ਼ਾਮ ਘਿਰਾਓ ਖ਼ਤਮ
ਐਕਸ਼ਨ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਰਿਟਰਨਿੰਗ ਅਫ਼ਸਰ ਸਤੀਸ਼ ਗੋਇਲ ਅਨੁਸਾਰ 11 ਵਿਅਕਤੀਆਂ ਨੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਭਰੇ ਹਨ। ਸ਼ਾਮ ਦੇ 8 ਵਜੇ ਪੁਲੀਸ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਵੱਲੋਂ 5 ਫਰਵਰੀ ਨੂੰ ਇਸ ਮਸਲੇ ਨੂੰ ਹੱਲ ਕਰਨ ਦਾ ਵਾਅਦਾ ਕੀਤਾ ਗਿਆ ਹੈ। ਇਸ ਉਪਰੰਤ ਲੋਕਾਂ ਨੇ ਘਿਰਾਓ ਖ਼ਤਮ ਕੀਤਾ।
ਸੁਖਬੀਰ ਦੀ ਗੱਡੀ ਦੇ ਸ਼ੀਸ਼ੇ ਫੁੱਟਣ ਮਗਰੋਂ ਪੁਲੀਸ ਹੋਈ ਚੌਕਸ
ਮਾਨਸਾ: ਜਲਾਲਬਾਦ ਅਤੇ ਭਿੱਖੀਵਿੰਡ ਵਿੱਚ ਅਕਾਲੀਆਂ ਤੇ ਕਾਂਗਰਸੀਆਂ ਦਰਮਿਆਨ ਹੋਏ ਟਕਰਾਅ ਤੋਂ ਬਾਅਦ ਮਾਲਵਾ ਖੇਤਰ ਵਿੱਚ ਪੰਜਾਬ ਪੁਲੀਸ ਵੱਲੋਂ ਸੁਰੱਖਿਆ ਪ੍ਰਬੰਧ ਤੇਜ਼ ਕਰ ਦਿੱਤੇ ਗਏ ਹਨ। ਨਾਮਜ਼ਦਗੀ ਪੱਤਰ ਭਰਨ ਦੇ ਆਖਰੀ ਦਿਨ ਅੱਜ ਪੁਲੀਸ ਵੱਲੋਂ ਉਮੀਦਵਾਰ ਸਮੇਤ ਹਰ ਵਿਅਕਤੀ ਦੀ ਤਲਾਸ਼ੀ ਲੈਣ ਤੋਂ ਬਾਅਦ ਹੀ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਜਾਣ ਦੀ ਆਗਿਆ ਦਿੱਤੀ ਗਈ। ਦਿਲਚਸਪ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਡੀ ਦੇ ਬੀਤੀ ਕੱਲ੍ਹ ਸ਼ੀਸ਼ੇ ਫੁੱਟਣ ਤੋਂ ਬਾਅਦ ਰਾਜ ਦੇ ਮਾਲਵਾ ਖੇਤਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਮਾਨਸਾ ਦੇ ਐੱਸਐੱਸਪੀ ਸੁਰੇਂਦਰ ਲਾਂਬਾ ਵੱਲੋਂ ਅੱਜ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਲਈ ਵਿਸ਼ੇਸ਼ ਤੌਰ ’ਤੇ ਐੱਸਪੀ ਕਪਿਲ ਦਿਗਵਿਜੈ ਦੀ ਵਿਸ਼ੇਸ਼ ਡਿਊਟੀ ਲਗਾਈ ਗਈ, ਜਿਨ੍ਹਾਂ ਮਾਨਸਾ ਤੋਂ ਇਲਾਵਾ ਬੁਢਲਾਡਾ, ਬਰੇਟਾ, ਬੋਹਾ ਅਤੇ ਜੋਗਾ ਵਿੱਚ ਕਾਗਜ਼ ਦਾਖ਼ਲ ਕਰਨ ਸਮੇਤ ਵੋਟਾਂ ਸਬੰਧੀ ਹਰ ਤਰ੍ਹਾਂ ਦੀਆਂ ਸਰਗਰਮੀਆਂ ’ਤੇ ਪੁਲੀਸ ਸੁਰੱਖਿਆ ਕਰਮੀਆਂ ਦੀ ਡਿਊਟੀ ਲਗਾਈ ਸੀ। -ਪੱਤਰ ਪ੍ਰੇਰਕ