ਲਖਵਿੰਦਰ ਸਿੰਘ
ਮਲੋਟ, 3 ਅਕਤੂਬਰ
ਪਿੰਡ ਸਾਊਂਕੇ ਵਿੱਚ ਪਾਣੀ ਦੀ ਵਾਰੀ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਏ ਝਗੜੇ ਉਪਰੰਤ ਮਾਮਲਾ ਥਾਣਾ ਸਦਰ ਮਲੋਟ ਵਿੱਚ ਪਹੁੰਚਿਆ ਹੈ। ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਵਰਿੰਦਰ ਸਿੰਘ ਉਰਫ ਰਾਜੂ ਨੇ ਦੱਸਿਆ ਕਿ ਉਹ ਜਰਨੈਲ ਸਿੰਘ ਨਾਲ ਕੰਮ ਕਰਦਾ ਹੈ। ਪਾਣੀ ਦੀ ਵਾਰੀ ’ਤੇ ਗੁਆਢੀ ਰਾਜਪਾਲ ਸਿੰਘ ਤੇ ਉਸ ਦੇ ਸਾਥੀ ਮੌਕੇ ’ਤੇ ਆ ਕੇ ਕਹਿਣ ਲੱਗੇ ਕਿ ਉਸ ਨੇ ਇੱਕ ਘੰਟਾ ਪਹਿਲਾਂ ਪਾਣੀ ਵੱਢਿਆ ਹੈ। ਇਸ ਦੇ ਜਵਾਬ ਵਿੱਚ ਵਰਿੰਦਰ ਨੇ ਕਿਹਾ ਕਿ ਉਸ ਨੇ ਤਾਂ ਹਰ ਵਾਰ ਦੀ ਤਰਾਂ ਸਮੇਂ ਅਨੁਸਾਰ ਹੀ ਪਾਣੀ ਵੱਢਿਆ ਹੈ। ਤਲਖੀ ਉਪਰੰਤ ਰਾਜਪਾਲ ਸਿੰਘ ਤੇ ਉਸ ਦੇ ਸਾਥੀ ਪਿੰਡ ਜਾ ਕੇ ਵੀ ਉੱਚਾ ਨੀਵਾਂ ਬੋਲਦੇ ਰਹੇ। ਇਸੇ ਦੌਰਾਨ ਜਰਨੈਲ ਸਿੰਘ ਨੇ ਆਪਣੇ ਸੀਰੀ ਵਰਿੰਦਰ ਨੂੰ ਫੋਨ ਕੀਤਾ ਕਿ ਉਹ ਪਾਣੀ ਛੱਡ ਕੇ ਖੇਤ ਵਾਲੇ ਕਮਰੇ ਨੂੰ ਅੰਦਰੋਂ ਕੁੰਡੀ ਲਗਾ ਲਏ।
ਵਰਿੰਦਰ ਨੇ ਦੱਸਿਆ ਕਿ ਇਸ ਉਪਰੰਤ ਰਾਜਪਾਲ ਨਾਲ ਤਿੰਨ ਵਿਅਕਤੀ ਖੇਤ ਵਿੱਚ ਆਏ ਤੇ ਕਮਰੇ ਦਾ ਦਰਵਾਜ਼ਾ ਭੰਨ ਕੇ ਉਸ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਅਤੇ ਜ਼ਖਮੀਂ ਹਾਲਤ ’ਚ ਹੀ ਉਸ ਨੂੰ ਥਾਣਾ ਸਦਰ ਮਲੋਟ ਵਿੱਚ ਫੜਾ ਗਏ। ਇਸ ਉਪਰੰਤ ਪੁਲੀਸ ਨੇ ਅਗਲੇ ਦਿਨ ਉਸ ’ਤੇ ਹੀ ਕਾਨੂੰਨੀ ਕਾਰਵਾਈ ਕਰਦਿਆਂ ਐੱਸਡੀਐੱਮ ਦੀ ਅਦਾਲਤ ਵਿੱਚ ਪੇਸ਼ ਕੀਤਾ। ਜਰਨੈਲ ਸਿੰਘ ਨੇ ਵਰਿੰਦਰ ਦੀ ਜ਼ਮਾਨਤ ਦੇ ਕੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮਲੋਟ ਦਾਖਲ ਕਰਵਾਇਆ। ਇਸ ਮੌਕੇ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਸਾਊਂਕੇ, ਜਗਤਾਰ ਸਿੰਘ, ਸੁਖਦੇਵ ਸਿੰਘ ਸੀਰਾ ਨੇ ਕਿਹਾ ਕਿ ਜੇਕਰ ਵਰਿੰਦਰ ਸਿੰਘ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸੰਘਰਸ਼ ਕਰਨਗੇ।
ਥਾਣਾ ਮੁਖੀ ਵੱਲੋਂ ਕਾਰਵਾਈ ਦਾ ਭਰੋਸਾ
ਥਾਣਾ ਸਦਰ ਦੇ ਇੰਚਾਰਜ ਜਸਕਰਨਦੀਪ ਸਿੰਘ ਨੇ ਕਿਹਾ ਕਿ ਸੀਰੀ ਵਰਿੰਦਰ ਸਿੰਘ ਦੇ ਬਿਆਨਾਂ ’ਤੇ ਜੋ ਵੀ ਕਾਰਵਾਈ ਬਣਦੀ ਹੋਵੇਗੀ, ਉਸ ਨੂੰ ਵੀ ਅਮਲ ’ਚ ਲਿਆਂਦਾ ਜਾਵੇਗਾ।