ਜੋਗਿੰਦਰ ਸਿੰਘ ਮਾਨ
ਮਾਨਸਾ, 18 ਅਪਰੈਲ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 24 ਘੰਟਿਆਂ ’ਚ ਕਣਕ ਦੀ ਅਦਾਇਗੀ ਕਰਨ ਦੇ ਸਭ ਦਾਅਵੇ ਠੁੱਸ ਹੋ ਗਏ ਹਨ। ਇਥੇ ਕਿਸਾਨਾਂ ਨੂੰ ਹਫ਼ਤਾ-ਹਫ਼ਤਾ ਹੋ ਗਿਆ ਹੈ, ਕਣਕ ਵੇਚੀ ਨੂੰ, ਪਰ ਅੱਜ ਤੱਕ ’ਇੱਕ ਨਵਾਂ ਪੈਸਾ’ ਉਨ੍ਹਾਂ ਨੂੰ ਨਹੀਂ ਮਿਲਿਆ। ਕਣਕ ਦੇ ਭੁਗਤਾਨ ਦਾ ਜਲੂਸ ਬੈਂਕਾਂ ਵੱਲੋਂ ਵੀ ਕੱਢਿਆ ਗਿਆ ਹੈ, ਕਿਉਂਕਿ ਕਿਸਾਨਾਂ ਤੇ ਆੜ੍ਹਤੀਆਂ ਨੂੰ ਦਿੱਤੇ ਚੈੱਕਾਂ ਦੀ ਹਫ਼ਤਾ-ਹਫ਼ਤਾ ਕਲੀਅਰੈਂਸ ਨਹੀਂ ਹੋ ਰਹੀ। ਬੈਂਕਾਂ ਦੀਆਂ ਛੁੱਟੀਆਂ ਨੇ ਵੀ ਅਦਾਇਗੀ ਕਰਨ ’ਚ ਅੜਿੱਕਾ ਬਣੀਆਂ ਹੋਈਆਂ ਹਨ। ਮਾਨਸਾ ਜ਼ਿਲ੍ਹਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਨੇ ਦੱਸਿਆ ਕਿ ਭਾਵੇਂ ਜ਼ਿਲ੍ਹੇ ਦੀਆਂ ਕਈ ਮੰਡੀਆਂ ’ਚ ਅਪਰੈਲ ਦੇ ਦੂਜੇ ਹਫ਼ਤੇ ਤੋਂ ਹੀ ਕਣਕ ਦੀ ਖਰੀਦ ਹੋ ਗਈ ਸੀ, ਪਰ ਕਈ ਖਰੀਦ ਏਜੰਸੀਆਂ ਵੱਲੋਂ ਬਣਾ ਕੇ ਦਿੱਤੇ ਬਿਲਾਂ ਦਾ ਭੁਗਤਾਨ ਉਦੋਂ ਹੀ ਹੋਵੇਗਾ, ਜਦੋਂ ਬੈਂਕਾਂ ਵੱਲੋਂ ਰਾਸ਼ੀ ਨੂੰ ਕਿਸਾਨਾਂ ਤੇ ਆੜ੍ਹਤੀਆਂ ਦੇ ਖਾਤਿਆਂ ’ਚ ਪਾਇਆ ਜਾਵੇਗਾ। ਦੂਜੇ ਪਾਸੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਣਕ ਦੀ ਅਦਾਇਗੀ ਦੇ ਪੈਸੇ ਨਾ ਮਿਲਣ ਕਰਕੇ ਕਿਸਾਨ ਨਰਮੇ ਦੀ ਫ਼ਸਲ ਲਈ ਬੀਜ ਤੇ ਖਾਦ ਦੇ ਪ੍ਰਬੰਧ ਕਰਨ ਤੋਂ ਅਸਮਰੱਥ ਹਨ।
ਡਿਪਟੀ ਕਮਿਸ਼ਨਰ ਮਾਨਸਾ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲੇ ਦੀਆਂ ਮੰਡੀਆਂ ’ਚ ਕਣਕ ਦੀ ਖਰੀਦ ਪ੍ਰਕਿਰਿਆ ਬਹੁਤ ਹੀ ਸੁਚੱਜੇ ਤੇ ਨਿਰਵਿਘਨ ਢੰਗ ਨਾਲ ਚੱਲ ਰਹੀ ਹੈ।
ਉਨ੍ਹਾਂ ਕਿਹਾ ਕਿ ਜ਼ਿਲੇ ਦੀਆਂ ਮੰਡੀਆਂ ਵਿੱਚ ਕਣਕ ਦੇ ਖਰੀਦ ਸੀਜ਼ਨ ਦੌਰਾਨ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ, ਜਿਸਦੇ ਲਈ ਰਾਜ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਤੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੇ ਦਿਨ ਸ਼ਾਮ ਤੱਕ ਜ਼ਿਲੇ ਦੀਆਂ ਮੰਡੀਆਂ ’ਚ 3 ਲੱਖ 35 ਹਜ਼ਾਰ 401 ਮੀਟਰਕ ਟਨ ਕਣਕ ਦੀ ਆਮਦ ਹੋਈ, ਜਿਸਦੇ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 2 ਲੱਖ 97 ਹਜ਼ਾਰ 795 ਮੀਟਰਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ ਤੇ ਰਹਿੰਦੀ ਫਸਲ ਦੀ ਖਰੀਦ ਸਮਾਂਬੱਧ ਤਰੀਕੇ ਨਾਲ ਰਾਜ ਸਰਕਾਰ ਦੇ ਮਾਪਦੰਡਾਂ ਅਨੁਸਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਖਰੀਦ ਕੀਤੀ ਕਣਕ ਦੀ ਕਿਸਾਨਾਂ ਦੇ ਖਾਤਿਆ ’ਚ ਆਨਲਾਈਨ ਵਿਧੀ ਰਾਹੀ ਸਿੱਧੀ ਅਦਾਇਗੀ ਕਰਨ ਲਈ ਨਾਲੋ ਨਾਲ ਪ੍ਰਕਿਰਿਆ ਜਾਰੀ ਹੈ, ਤਾਂ ਜੋ ਫਸਲ ਲੈ ਕੇ ਆਏ ਕਿਸਾਨ ਮੰਡੀਆਂ ਵਿੱਚ ਖੁਸ਼ੀ ਖੁਸ਼ੀ ਆਪਣੇ ਘਰਾਂ ਨੂੰ ਜਾਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੀਦ ਕੀਤੀ ਗਈ ਕਣਕ ਵਿੱਚੋਂ ਪਨਗਰੇਨ ਵੱਲੋਂ 93948, ਮਾਰਕਫੈਡ ਵੱਲੋਂ 82190, ਪਨਸਪ ਵੱਲੋਂ 72430, ਵੇਅਰਹਾਊਸ ਵੱਲੋਂ 45507 ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ 3720 ਮੀਟਕਰ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਖਰੀਦ ਕੀਤੀ ਗਈ ਕਣਕ ’ਚੋਂ 90336 ਮੀਟਰਕ ਟਨ ਕਣਕ ਦੀ ਲਿਫਟਿੰਗ ਵੀ ਕੀਤੀ ਜਾ ਚੁੱਕੀ ਹੈ।