ਮਹਿੰਦਰ ਸਿੰਘ ਰੱਤੀਆਂ
ਮੋਗਾ, 3 ਫ਼ਰਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਤਹਿਤ ਭਾਜਪਾ ਆਗੂਆਂ ਦੇ ਘਰਾਂ ਅੱਗੇ ਦਿੱਤੇ ਜਾ ਰਹੇ ਧਰਨਿਆਂ ਦੀ ਲੜੀ ਤਹਿਤ ਇੱਥੇ ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਭਾਜਪਾ ਜ਼ਿਲ੍ਹਾ ਪ੍ਰਧਾਨ ਦੇ ਘਰ ਅੱਗੇ 101ਵੇਂ ਦਿਨ ਦੇਰ ਸ਼ਾਮ ਨੂੰ ਸਥਿਤੀ ਤਣਾਅਪੂਰਨ ਬਣ ਗਈ। ਪੁਲੀਸ ਮੁਤਾਬਕ ਸਥਿਤੀ ਤਣਾਅਪੂਰਨ ਪਰ ਕਾਬੂ ਹੇਠ ਹੈ।
ਜਾਣਕਾਰੀ ਮੁਤਾਬਕ ਇੱਥੇ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੇ ਘਰ ਅੱਗੇ ਦੇਰ ਸ਼ਾਮ ਨੂੰ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਇਸ ਦੌਰਾਨ ਮੌਕੇ ਉੱਤੇ ਪੁਜੀ ਪੁਲੀਸ ਨੇ ਸਥਿਤੀ ’ਤੇ ਕਾਬੂ ਪਾਇਆ।
ਇਸ ਮੌਕੇ ਕਿਸਾਨ ਆਗੂ ਸਵਰਨ ਸਿੰਘ ਗਿੱਲ ਨੇ ਕਿਹਾ ਕਿ ਸਰਬੱਤ ਦੇ ਭਲੇ ਲਈ ਮੁਹੱਲੇ ਵਿੱਚ ਭਲਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਉਣ ਲਈ ਮੁਹੱਲੇ ਦੇ ਵਸਨੀਕਾਂ ਦਾ ਇਕੱਠ ਹੋਇਆ ਸੀ। ਉਨ੍ਹਾਂ ਕਿਹਾ ਕਿ ਮੁਹੱਲੇ ਵੱਲੋਂ ਖੇਤੀ ਕਾਨੂੰਨਾਂ ਦੇ ਰੋਸ ਵਜੋਂ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੇ ਸਮਾਜਿਕ ਬਾਈਕਾਟ ਦਾ ਕੀਤਾ ਹੋਇਆ ਹੈ। ਇਸ ਦੌਰਾਨ ਕਿਸਾਨਾਂ ਅਤੇ ਬੀਬੀਆਂ ਨੇ ਭਾਜਪਾ ਜ਼ਿਲ੍ਹਾ ਪ੍ਰਧਾਨ ਦੇ ਘਰ ਅੱਗੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਬਰਾਬਰ ਗਾਲੀ ਗਲੋਜ਼ ਕਰਨ ਤੋਂ ਮਾਹੌਲ ਤਣਾਅ ਪੂਰਨ ਬਣ ਗਿਆ। ਇਸ ਮੌਕੇ ਦੋਵਾਂ ਧਿਰਾਂ ਵਿੱਚ ਤਿੱਖੀ ਸ਼ਬਦਾਵਲੀ ਵਿੱਚ ਨਾਅਰੇਬਾਜ਼ੀ ਦੀ ਵਰਤੋਂ ਹੋਣ ’ਤੇ ਮਾਹੌਲ ਤਣਾਅਪੂਰਨ ਬਣ ਗਿਆ।
ਗੜਬੜ ਕਰਨ ਵਾਲੇ ਕਿਸਾਨਾਂ ਦੀ ਆੜ ਵਿੱਚ ਕਾਂਗਰਸੀ ਕਾਰਕੁਨ ਸਨ: ਵਿਨੇ ਸ਼ਰਮਾ
ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਨੇ ਕਿਹਾ ਕਿ ਇਹ ਗੜਬੜ ਕਰਨ ਵਾਲੇ ਕਿਸਾਨਾਂ ਦੀ ਆੜ ਵਿੱਚ ਕਾਂਗਰਸੀ ਕਾਰਕੁਨ ਸਨ। ਉਨ੍ਹਾਂ ਕਿਹਾ ਕਿ ਉਹ ਚੋਣ ਲੜ ਰਹੇ ਹਨ ਤੇ ਉਨ੍ਹਾਂ ਦੇ ਪੋਸਟਰ ਪਾੜ ਦਿੱਤੇ ਗਏ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਵਰਕਰਾਂ ਨੂੰ ਕੌਂਸਲਰ ਦੀ ਚੋਣ ਲੜਨ ਤੋਂ ਰੋਕਿਆ ਹੀ ਨਹੀਂ ਜਾ ਰਿਹਾ ਸਗੋਂ ਡਰਾਇਆ-ਧਮਕਾਇਆ ਜਾ ਰਿਹਾ ਹੈ।