ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 6 ਜੁਲਾਈ
ਨਿਹਾਲ ਸਿੰਘ ਵਾਲਾ ਦੀ ਮਾਰਕੀਟ ਕਮੇਟੀ ਦੀ ਚੇਅਰਮੈਨੀ ਟਕਸਾਲੀ ਆਗੂਆਂ ਦੇ ਹੱਥੋਂ ਨਿਕਲ ਜਾਣ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਮੰਨੇ ਜਾਂਦੇ ਜਗਰੂਪ ਸਿੰਘ ਤਖਤੂਪੁਰਾ ਦੇ ਪੁੱਤਰ ਵਕੀਲ ਪਰਮਪਾਲ ਮਿੰਟੂ ਨੂੰ ਮਿਲਣ ਕਾਰਨ ਉਹ ਨਿਰਾਸ਼ ਜਾਪ ਰਹੇ ਹਨ। ਕੈਪਟਨ ਤੋਂ ਖਫ਼ਾ ਹੋਣ ਕਾਰਨ ਆਉਣ ਵਾਲੇ ਸਮੇਂ ਵਿੱਚ ਬਗ਼ਾਵਤੀ ਸੁਰਾਂ ਨਵੇਂ ਰੰਗ ਵਿਖਾ ਸਕਦੀਆਂ ਹਨ। ਹਲਕਾ ਨਿਹਾਲ ਸਿੰਘ ਵਾਲਾ ਵਿੱਚ ਕਾਂਗਰਸ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਮਹੇਸ਼ ਇੰਦਰ ਸਿੰਘ ਨਿਹਾਲ ਵਾਲਾ, ਹਲਕਾ ਇੰਚਾਰਜ ਰਾਜਵਿੰਦਰ ਕੌਰ ਭਾਗੀਕੇ ਦੇ ਆਪੋ-ਆਪਣੇ ਆਧਾਰ ਮੰਨੇ ਜਾਂਦੇ ਹਨ। ਇਨ੍ਹਾਂ ਵੱਲੋਂ ਭਜਨ ਸਿੰਘ ਜੈਦ ਅਤੇ ਸੇਵਕ ਸਿੰਘ ਸੈਦੋ ਕੇ ਨੂੰ ਮਾਰਕੀਟ ਕਮੇਟੀ ਚੇਅਰਮੈਨ ਬਣਾਏ ਜਾਣ ਲਈ ਕੋਸਿਸ਼ਾਂ ਕੀਤੀਆਂ ਜਾ ਰਹੀਆਂ ਸਨ, ਪਰ ਉਨ੍ਹਾਂ ਚੇਅਰਮੈਨੀ ਨਸੀਬ ਨਹੀਂ ਹੋਈ। ਟਕਸਾਲੀਆਂ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਨੂੰ ਅਣਗੌਲਿਆਂ ਕਰਕੇ ਕੇ ਜਗਰੂਪ ਸਿੰਘ ਤਖ਼ਤੂਪੁਰਾ ਨੂੰ ਜ਼ਿਲ੍ਹਾ ਪਰਿਸ਼ਦ ਦੀ ਟਿਕਟ ਦਿੱਤੀ ਗਈ ਸੀ। ਚੇਅਰਮੈਨ ਤੇ ਉਸ ਦੇ ਪਿਤਾ ਦੀ ਅਕਾਲੀ ਸਰਕਾਰ ਵੇਲੇ ਦੀ ਸੁਖਬੀਰ ਸਿੰਘ ਬਾਦਲ ਨਾਲ ਤਸਵੀਰ ਵਾਇਰਲ ਹੋਣ ਮਗਰੋਂ ਉਨ੍ਹਾਂ ’ਤੇ ਦਲ ਬਦਲੂ ਦੇ ਦੋਸ਼ ਲਾਏ। ਦੂਜੇ ਪਾਸੇ ਨਵਨਿਯੁਕਤ ਚੇਅਰਮੈਨ ਐਡਵੋਕੇਟ ਮਿੰਟੂ ਨੇ ਕਿਹਾ ਕਿ ਉਹ ਮੁੱਢ ਤੋਂ ਕਾਂਗਰਸੀ ਪਿਛੋਕੜ ਵਾਲੇੇ ਹਨ ਅਤੇ ਕੁੱਝ ਆਗੂਆਂ ਦੇ ਸਤਾਉਣ ਕਾਰਨ ਅਕਾਲੀ ਦਲ ’ਚ ਚਲੇ ਗਏ ਸਨ।