ਪੱਤਰ ਪ੍ਰੇਕਰ/ਨਿੱਜੀ ਪੱਤਰ ਪ੍ਰੇਰਕ
ਬਾਘਾ ਪੁਰਾਣਾ/ਮੋਗਾ, 30 ਦਸੰਬਰ
ਇੱਥੇ ਕੁਝ ਦਿਨ ਪਹਿਲਾਂ ਹਲਕਾ ਬਾਘਾ ਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਕਥਿਤ ਤੌਰ ’ਤੇ ਟਿਕਟ ਦਿੱਤੇ ਜਾਣ ਦਾ ਐਲਾਨ ਹੋਣ ਤੋਂ ਬਾਅਦ ਟਕਸਾਲੀ ਕਾਂਗਰਸੀਆਂ ਨੇ ਵਿਧਾਇਕ ਖ਼ਿਲਾਫ਼ ਝੰਡਾ ਚੁੱਕ ਲਿਆ ਹੈ ਅਤੇ ਹਲਕੇ ਤੋਂ ਕੋਈ ਸਥਾਨਕ ਆਗੂ ਨੂੰ ਉਮੀਦਵਾਰ ਐਲਾਨਿਆ ਜਾਵੇ।
ਇਸੇ ਸਬੰਧ ਵਿਚ ਅੱਜ ਹਲਕਾ ਬਾਘਾ ਪੁਰਾਣਾ ਦੇ ਪਿੰਡ ਸਮਾਧ ਭਾਈ ਵਿੱਚ ਟਕਸਾਲੀ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਵੱਡੀ ਇਕੱਤਰਤਾ ਕੀਤੀ। ਇਹ ਆਗੂ ਤੇ ਵਰਕਰ ਬਾਹਰਲੇ ਹਲਕੇ ਤੋਂ ਬਣੇ ਵਿਧਾਇਕ ਦੇ ਰਵੱਈਏ ਤੋਂ ਲਗਾਤਾਰ ਨਿਰਾਸ਼ ਚੱਲੇ ਆ ਰਹੇ ਹਨ। ਇਸ ਵੱਡੇ ਪ੍ਰੈਸ਼ਰ ਗਰੁੱਪ ਦੀ ਇਕੱਤਰਤਾ ਟਕਸਾਲੀ ਕਾਂਗਰਸੀ ਆਗੂ ਭੋਲਾ ਸਿੰਘ ਬਰਾੜ ਸਮਾਧ ਭਾਈ ਦੇ ਸੱਦੇ ’ਤੇ ਸਮਾਧ ਭਾਈ ਵਿੱਚ ਹੋਈ।
ਅੱਜ ਦੀ ਇਹ ਵੱਡੀ ਇਕੱਤਰਤਾ ਇਸ ਕਰ ਕੇ ਪਿੰਡ ਸਮਾਧ ਭਾਈ ਵਿਚ ਰੱਖੀ ਗਈ ਸੀ ਤਾਂ ਜੋ ਟਿਕਟ ਦੀ ਦਾਅਵੇਦਾਰੀ ਪੇਸ਼ ਕਰਦੇ ਆ ਰਹੇ ਭੋਲਾ ਸਿੰਘ ਨੂੰ ਇਸ ਕਾਰਜ ਲਈ ਉਤਸ਼ਾਹਿਤ ਕੀਤਾ ਜਾ ਸਕੇ। ਇਸ ਇਕੱਤਰਤਾ ਦੌਰਾਨ ਪਿਛਲੇ 50 ਸਾਲਾਂ ਤੋਂ ਪਾਰਟੀ ਦੀ ਸੇਵਾ ਕਰਦੇ ਆ ਰਹੇ ਅਮਰਜੀਤ ਸਿੰਘ ਬਰਾੜ ਨੇ ਵੋਟਰਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਹ ਆਪਣੇ ਬਚਾਅ ਵਾਸਤੇ ਭ੍ਰਿਸ਼ਟ ਲੋਕਾਂ ਨੂੰ ਹਲਕੇ ਤੋਂ ਬਾਹਰ ਕਰ ਕੇ ਸਥਾਨਕ ਇਮਾਨਦਾਰ ਅਤੇ ਸਮਰਪਿਤ ਆਗੂਆਂ ਦੀ ਚੋਣ ਕਰਨ।
ਅੱਜ ਦੀ ਇਸ ਭਰਵੀਂ ਇਕੱਤਰਤਾ ਤੋਂ ਸਾਫ ਤੌਰ ’ਤੇ ਇਹੀ ਤਸਵੀਰ ਝਲਕਦੀ ਦਿਖਾਈ ਦਿੱਤੀ ਕਿ ਹਲਕੇ ਦੇ ਟਕਸਾਲੀ ਆਗੂ ਹੁਣ ਕਿਸੇ ਵੀ ਬਾਹਰੀ ਆਗੂ ਨੂੰ ਕਾਂਗਰਸੀ ਉਮੀਦਵਾਰ ਵਜੋਂ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ। ਇਸ ਦੌਰਾਨ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਤੋਂ ਹਲਕੇ ਲਈ ਕੋਈ ਸਥਾਨਕ ਆਗੂ ਨੂੰ ਪਾਰਟੀ ਦਾ ਉਮੀਦਵਾਰ ਐਲਾਨੇ ਜਾਣ ਦੀ ਮੰਗ ਕੀਤੀ ਗਈ।