ਜੋਗਿੰਦਰ ਸਿੰਘ ਮਾਨ
ਮਾਨਸਾ, 6 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਮਾਲਵਾ ਖੇਤਰ ਦੀਆਂ ਵੱਡੀਆਂ ਨਹਿਰਾਂ ਦੀ ਕੀਤੀ ਬੰਦੀ ਦੇ ਵਿਰੋਧ ਵਿੱਚ ਧਰਨਾ ਲਾਇਆ ਗਿਆ। ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਕੋਟਲਾ ਬ੍ਰਾਂਚ ਅਤੇ ਭਾਖੜਾ ਨਹਿਰ ਦੀ ਬੰਦੀ ਕਾਰਨ ਵਾਟਰ ਵਰਕਸਾਂ ਦੇ ਟੈਂਕ ਖਾਲੀ ਹੋਣ ਲੱਗੇ ਹਨ ਅਤੇ ਤੱਪਦੇ ਜੇਠ-ਹਾੜ ਦੀਆਂ ਤਿੱਖੀਆਂ ਧੁੱਪਾਂ ਵਿੱਚ ਖੇਤਾਂ ਦੇ ਪਿਆਸੇ ਹੋਣ ਨਾਲ ਫ਼ਸਲਾਂ ਸੁੱਕਣ ਲੱਗੀਆਂ ਹਨ, ਜਦੋਂ ਕਿ ਨਹਿਰਾਂ ਵਿੱਚ ਪਾਣੀ ਆਉਣ ਦੀ ਅਤੇ ਪੂਰੀ ਬਿਜਲੀ ਮਿਲਣ ਸਬੰਧੀ ਕਿਸੇ ਅਧਿਕਾਰੀ ਕੋਲੋਂ ਕਿਸਾਨ ਜਥੇਬੰਦੀਆਂ ਨੂੰ ਕੋਈ ਪਾਏਦਾਰ ਸੂਚਨਾ ਨਹੀਂ ਮਿਲ ਰਹੀ। ਧਰਨੇ ਵਿੱਚ 11 ਪਿੰਡਾਂ ਦੇ ਲੋਕਾਂ ਵੱਲੋਂ ਸ਼ਮੂਲੀਅਤ ਕਰਨ ਦਾ ਦਾਅਵਾ ਕੀਤਾ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਹਰ ਵਾਰ ਜਥੇਬੰਦੀਆਂ ਵੱਲੋਂ ਸਰਕਾਰ ਨੂੰ ਮਈ-ਜੂਨ ਵਿੱਚ ਨਹਿਰਾਂ ਦੀ ਬੰਦੀ ਨਾ ਕਰਨ ਲਈ ਅਪੀਲਾਂ-ਦਲੀਲਾਂ ਦਿੱਤੀਆਂ ਜਾਂਦੀਆਂ ਹਨ, ਪਰ ਅਫ਼ਸਰਸ਼ਾਹੀ ’ਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ ਹੈ। ਇਸ ਕਾਰਨ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਬਚਾਉਣ ਲਈ ਮਹਿੰਗੇ ਭਾਅ ਦਾ ਡੀਜ਼ਲ ਫੂਕਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਅਨੁਸਾਰ ਅਜੇ ਦੋ ਹਫ਼ਤੇ ਹੋਰ ਕੋਟਲਾ ਬ੍ਰਾਂਚ ਵਿੱਚ ਪਾਣੀ ਨਹੀਂ ਆਵੇਗਾ ਅਤੇ ਉਦੋਂ ਤੱਕ ਫ਼ਸਲਾਂ ਸੁੱਕ ਜਾਣ ਦਾ ਡਰ ਬਣਿਆ ਹੋਇਆ ਹੈ। ਜਦੋਂਕਿ ਪਸ਼ੂਆਂ ਦਾ ਹਰਾ-ਚਾਰਾ ਅਤੇ ਸਬਜ਼ੀਆਂ ਹਰ ਦੂਜੇ ਦਿਨ ਪਾਣੀ ਮੰਗਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਕਿਸਾਨਾਂ ਨੂੰ ਪਹਿਲਾਂ ਨਰਮੇ ਬੀਜਣ ਲਈ ਸਮੇਂ ਸਿਰ ਲੋੜੀਂਦੀ ਬਿਜਲੀ ਨਹੀਂ ਛੱਡੀ ਗਈ ਅਤੇ ਹੁਣ ਸਬਜ਼ੀਆਂ, ਝੋਨੇ ਦੀ ਪਨੀਰੀ ਅਤੇ ਪਸ਼ੂਆਂ ਦਾ ਹਰਾ-ਚਾਰਾ ਬਚਾਉਣ ਲਈ ਖੇਤੀ ਖੇਤਰ ਨੂੰ ਹਰ ਰੋਜ਼ ਦੀ ਥਾਂ ਇੱਕ ਦਿਨ ਛੱਡ ਕੇ ਬਿਜਲੀ ਦਿੱਤੀ ਜਾ ਰਹੀ ਹੈ। ਇਸ ਮੌਕੇ ਗੁਰਵਿੰਦਰ ਸਿੰਘ ਰਾਠੀ, ਰੂਪ ਸਿੰਘ ਖਿਆਲਾ, ਬਲਜੀਤ ਸਿੰਘ ਭੈਣੀ, ਦਰਸ਼ਨ ਕਰਮਗੜ੍ਹ ਔਤਾਂਵਾਲੀ, ਲਾਭ ਖਿਆਲਾ, ਲੀਲਾ ਸਿੰਘ ਮੂਸਾ, ਮਿੱਠੂ ਸਿੰਘਢਿੱਲਵਾਂ, ਬਲਦੇਵ ਸਿੰਘ ਉਭਾ, ਜਗਸੀਰ ਸਿੰਘ ਬੁਰਜ ਰਾਠੀ, ਗੁਰਸ਼ਰਨ ਸਿੰਘ ਨੰਗਲ, ਲਖਵਿੰਦਰ ਸਿੰਘ ਖਿਆਲਾ, ਬਲਵਿੰਦਰ ਸਿੰਘ ਚਕੇਰੀਆਂ, ਸੁਖਦੇਵ ਸਿੰਘ ਮੂਸਾ, ਲਖਮੀਰ ਸਿੰਘ ਅਕਲੀਆ ਨੇ ਵੀ ਸੰਬੋਧਨ ਕੀਤਾ।