ਪੱਤਰ ਪ੍ਰੇਰਕ
ਰਾਮਾਂ ਮੰਡੀ, 7 ਦਸੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 8 ਦਸੰਬਰ ਨੂੰ ਰਾਮਾਂ ਮੰਡੀ ਦੀ ਅਨਾਜ ਮੰਡੀ ਵਿੱਚ ਪਹੁੰਚ ਰਹੇ ਹਨ ਜਿਥੇ ਉਹ ਇੱਕ ਰੈਲੀ ਨੂੰ ਸਬੋਧਨ ਕਰਨਗੇ। ਮੁੱਖ ਮੰਤਰੀ ਦੇ ਸਵਾਗਤ ਲਈ ਨਗਰ ਕੌਂਸਲ ਪ੍ਰਸ਼ਾਸਨ ਨੇ ਸਿਰਫ ਤੇ ਸਿਰਫ ਰਾਮਾਂ ਮੰਡੀ ਦੀ ਸਰਕਾਰੀ ਬਾਗ ਵਾਲੀ ਸੜਕ ਦੇ ਇਸ ਟੋਟੇ ਨੂੰ ਚਮਕਾਉਣ ਤੇ ਪੂਰਾ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ। ਮੰਡੀ ਵਾਸੀਆਂ ਨੇ ਨਰਾਜਗੀ ਜਾਹਰ ਕਰਦਿਆਂ ਕਿਹਾ ਕਿ ਇਸ ਵੱਡੇ ਸਮਾਗਮ ਨੂੰ ਵੇਖਦਿਆਂ ਨਗਰ ਕੌਸਲ ਨੇ ਮੰਡੀ ਦੀਆਂ ਹੋਰਨਾਂ ਸੜਕਾਂ ਨੂੰ ਸਾਫ ਸਫਾਈ ਵਜੋਂ ਕੋਈ ਬਹੁੱਤੀ ਤਵੱਜੋ ਨਹੀਂ ਦਿੱਤੀ। ਮੁੱਖ ਮੰਤਰੀ ਦੇ ਕਾਫਲੇ ਨੇ ਜਿਸ ਸਰਕਾਰੀ ਬਾਗ ਵਾਲੇ ਸੜਕ ਦੇ ਟੋਟੋ ਉਪਰੋਂ ਗੁਜ਼ਰਨਾ ਹੈ ਦੀ ਪ੍ਰਸ਼ਾਸਨ ਵੱਲੋਂ ਕਾਇਆ ਕਲਪ ਕਰ ਦਿੱਤੀ ਗਈ ਹੈ। ਦਿਨ ਰਾਤ ਇੱਕ ਕਰਕੇ ਸੜਕ ਦੀ ਸਫਾਈ, ਮੁਰੰਮਤ ਤੋਂ ਇਲਾਵਾ ਚਿੱਟੀ ਪੱਟੀ ਦੀਆਂ ਤਿੰਨ ਕਤਾਰਾਂ ਲਗਾਕੇ ਆਸੇ ਪਾਸੇ ਵੱਡੇ ਵੱਡੇ ਫਲੈਕਸ ਬੋਰਡ ਲਗਾਏ ਹਨ।