ਲਖਵੀਰ ਸਿੰਘ
ਟੱਲੇਵਾਲ, 3 ਅਗਸਤ
ਪਿੰਡ ਪੱਖੋਕੇ ਅਤੇ ਮੱਲ੍ਹੀਆਂ ਦੀ ਸਾਂਝੀ ਕੋ-ਆਪਰੇਟਿਵ ਸੁਸਾਇਟੀ ਵਿੱਚ ਸੈਕਟਰੀ ਅਤੇ ਉਸ ਦੇ ਸਾਥੀਆਂ ਵੱਲੋਂ ਕੀਤੇ ਗਏ ਕਰੋੜਾਂ ਰੁਪਏ ਦੇ ਗਬਨ ਮਾਮਲੇ ਵਿੱਚ ਸਬੰਧਿਤ ਵਿਭਾਗ ਦੀ ਢਿੱਲੀ ਕਾਰਵਾਈ ਕਾਰਨ ਪੀੜਤ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਅੱਜ ਪਿੰਡ ਦੇ ਪੀੜਤ ਕਿਸਾਨ ਅਤੇ ਔਰਤਾਂ ਵੱਲੋਂ ਹੰਗਾਮੀ ਮੀਟਿੰਗ ਕੀਤੀ ਗਈ। ਇਸ ਵਿੱਚ 5 ਅਗਸਤ ਨੂੰ ਏਆਰ ਦਫ਼ਤਰ ਬਰਨਾਲਾ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਘਰਸ਼ ਕਮੇਟੀ ਦੇ ਕਨਵੀਨਰ ਗੁਰਚਰਨ ਸਿੰਘ ਪੱਖੋਕੇ ਨੇ ਕਿਹਾ ਕਿ ਸਹਿਕਾਰੀ ਵਿਭਾਗ ਦੇ ਏਆਰ ਵੱਲੋਂ ਕਰੋੜਾਂ ਰੁਪਏ ਦੇ ਇਸ ਗਬਨ ਦੀ ਕਾਰਵਾਈ ਬਹੁਤ ਠੰਢੇ ਤਰੀਕੇ ਨਾਲ ਕੀਤੀ ਜਾ ਰਹੀ ਹੈ। ਏਆਰ ਵੱਲੋਂ ਗਬਨ ਦੇ ਮਾਸਟਰਮਾਈਂਡ ਸੁਸਾਇਟੀ ਦੇ ਸੈਕਟਰੀ ਗੁਰਚਰਨ ਸਿੰਘ ਅਤੇ ਉਸ ਨਾਲ ਮਿਲੀਭੁਗਤ ਕਰਨ ਵਾਲੇ ਅਫ਼ਸਰਾਂ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਕਰ ਕੇ ਸਮੁੱਚੇ ਪਿੰਡ ਵਾਸੀਆਂ ਵੱਲੋਂ ਪੰਜ ਅਗਸਤ ਨੂੰ ਇਨਸਾਫ਼ ਲੈਣ ਲਈ ਏਆਰ ਦਫ਼ਤਰ ਬਰਨਾਲਾ ਵਿੱਚ ਧਰਨਾ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਨੇ ਪੀੜਤ ਲੋਕਾਂ ਨੂੰ ਇਨਸਾਫ਼ ਦਵਾਉਣ ਲਈ ਜਥੇਬੰਦੀ ਵਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ 5 ਦੇ ਧਰਨੇ ਵਿੱਚ ਜਥੇਬੰਦੀ ਪੀੜਤ ਲੋਕਾਂ ਦਾ ਸਾਥ ਦੇਵੇਗੀ। ਇਸ ਮੌਕੇ ਬੀਕੇਯੂ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ, ਨੌਜਵਾਨ ਕਲੱਬ ਆਗੂ ਰਣਜੀਤ ਸਿੰਘ, ਜਗਮੇਲ ਸਿੰਘ, ਰੇਸ਼ਮਾ ਕੌਰ, ਚੰਚਲ ਸ਼ਰਮਾ, ਪ੍ਰਿਤਪਾਲ ਕੌਰ, ਕੁਲਵਿੰਦਰ ਕੌਰ ਆਦਿ ਵੀ ਹਾਜ਼ਰ ਸਨ।