ਪੱਤਰ ਪ੍ਰੇਰਕ
ਮਾਨਸਾ, 14 ਜਨਵਰੀ
ਮਾਲਵਾ ਖੇਤਰ ਸਮੇਤ ਸਾਰੇ ਜ਼ਿਲ੍ਹਿਆਂ ਵਿੱਚ ਅੱਜ ਠੰਢ ਦਾ ਜ਼ੋਰ ਪਹਿਲਾਂ ਨਾਲੋਂ ਵੱਧ ਗਿਆ ਹੈ ਅਤੇ ਰਾਤ ਦਾ ਤਾਪਮਾਨ ਹੋਰ ਹੇਠਾਂ ਆ ਗਿਆ ਹੈ। ਮਾਲਵਾ ਖੇਤਰ ਦਾ ਬਠਿੰਡਾ-ਮਾਨਸਾ ਇਲਾਕੇ ਦਾ ਘੱਟੋ-ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜਦੋਂ ਕਿ ਮੋਗਾ ਵਿੱਚ ਠੰਢ ਹੋਰ ਵੱਧ ਗਈ ਹੈ। ਅੱਜ ਦਿਨੇ ਮਾਲਵਾ ਖੇਤਰ ਵਿੱਚ ਸਾਰਾ ਦਿਨ ਠੰਢੀ ਹਵਾ ਚੱਲਦੀ ਰਹੀ, ਜਿਸ ਨਾਲ ਲੋਕਾਂ ਦੇ ਹੱਥ-ਪੈਰ ਠਰਦੇ ਰਹੇ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਹਿਕਮੇ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਅਗਲੇ ਦੋ-ਤਿੰਨ ਦਿਨ ਠੰਢੀ ਲਹਿਰ ਦੇ ਨਾਲ-ਨਾਲ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਅਤੇ ਮਾਨਸਾ-ਬਠਿੰਡਾ ਇਲਾਕੇ ਵਿੱਚ ਮੌਸਮ ਖੁਸ਼ਕ ਰਹਿਣ ਦੇ ਨਾਲ-ਨਾਲ ਹਵਾ ਵਿੱਚ ਨਮੀਂ ਦੀ ਮਾਤਰਾ ਵੱਧ ਰਹਿਣ ਕਰਕੇ ਹਵਾ ਦੀ ਰਫ਼ਤਾਰ ਪਹਿਲਾਂ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਰਾਤ ਦਾ ਤਾਪਮਾਨ ਹੋਰ ਹੇਠਾਂ ਆਉਣ ਦਾ ਖਦਸ਼ਾ ਹੈ ਜਦੋਂ ਕਿ ਧੁੰਦ ਜ਼ਿਆਦਾ ਸੰਘਣੀ ਹੋਣ ਕਾਰਨ ਦੁਪਹਿਰ ਤੋਂ ਪਿੱਛੋਂ ਹੀ ਸੂਰਜ ਨਿਕਲਣ ਦੀਆਂ ਉਮੀਦਾਂ ਖੜ੍ਹੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਨਸਾ, ਬਠਿੰਡਾ, ਮੋਗਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ ਵਿੱਚ ਸੰਘਣੀ ਧੁੰਦ ਦੇ ਨਾਲ-ਨਾਲ ਸ਼ੀਤ ਲਹਿਰ ਚੱਲਣ ਦੀਆਂ ਰਿਪੋਰਟਾਂ ਆਈਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਬਠਿੰਡਾ ਇਲਾਕੇ ਦਾ ਘੱਟੋ-ਘੱਟ ਤਾਪਮਾਨ 4.2 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 12.6 ਡਿਗਰੀ ਸੈਲਸੀਅਸ ਰਿਹਾ ਅਤੇ ਸਵੇਰ ਵੇਲੇ ਨਮੀਂ 94 ਫੀਸਦ ਅਤੇ ਦੁਪਹਿਰ ਵੇਲੇ ਨਮੀਂ 83 ਫੀਸਦੀ ਰਹਿਣ ਦੀ ਰਿਪੋਰਟ ਹਾਸਲ ਹੋਈ ਹੈ।
ਇਸੇ ਦੌਰਾਨ ਰੋਜ਼ਾਨਾ ਰੋਟੀ ਕਮਾਉਣ ਵਾਲੇ ਰੇਹੜੀਆਂ ਵਾਲਿਆਂ ਤੇ ਦਿਹਾੜੀਦਾਰ ਮਜ਼ਦੂਰਾਂ ਲਈ ਸਰਦੀ ਨੇ ਮੁਸੀਬਤ ਪੈਦਾ ਕੀਤੀ ਹੋਈ ਹੈ। ਬਜ਼ਾਰਾਂ ਵਿਚ ਰੌਣਕਾਂ ਨੂੰ ਠੱਲ੍ਹ ਪੈ ਗਈ ਹੈ ਤੇ ਦੁਕਾਨਦਾਰਾਂ ਦਾ ਕੰਮਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ।