ਪੱਤਰ ਪ੍ਰੇਰਕ
ਮਾਨਸਾ, 31 ਦਸੰਬਰ
ਮਾਲਵਾ ਖੇਤਰ ਸੀਤ ਲਹਿਰ ਨੇ ਜਿ਼ੰਦਗੀ ਨੂੰ ਰੋਕ ਧਰਿਆ ਹੈ। ਰੋਜ਼ਾਨਾ ਕਮਾਈ ਕਰਕੇ ਖਾਣ ਵਾਲਿਆਂ ਲਈ ਜੀਵਨ ਬਤੀਤ ਕਰਨ ਦੁੱਭਰ ਹੋਣ ਲੱਗਿਆ ਹੈ। ਲੋਕ ਘਰਾਂ ਵਿੱਚ ਵੜ੍ਹ ਕੇ ਰਹਿ ਗਏ ਹਨ ਅਤੇ ਕਾਰੋਬਾਰ ਨੂੰ ਵੱਡੀ ਸੱਟ ਵੱਜੀ ਹੈ। ਮਾਲਵੇ ਦੇ ਨਾਲ ਲੱਗਦੇ ਹਰਿਆਣਾ ਦੇ ਜ਼ਿਲ੍ਹਿਆਂ ਵਿੱਚ ਵੀ ਕੜਾਕੇ ਦੀ ਠੰਢ ਜਾਰੀ ਰਹਿਣ ਦੀਆਂ ਖ਼ਬਰਾਂ ਮਿਲੀਆਂ ਹਨ। ਮੌਸਮ ਮਹਿਕਮੇ ਦੇ ਰਿਪੋਰਟ ਅਨੁਸਾਰ ਹਰਿਆਣੇ ਦਾ ਹਿਸਾਰ ਜ਼ਿਲ੍ਹੇ 2.2 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਢਾ ਰਿਹਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਹਿਕਮੇ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਬੀਤੇ ਦੋ-ਤਿੰਨ ਦਿਨ ਵਿੱਚ ਬਠਿੰਡਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਭਾਵੇਂ ਮੌਸਮ ਖੁਸ਼ਕ ਰਹੇਗਾ, ਪਰ ਘੱਟੋ-ਘੱਟ ਤਾਪਮਾਨ 2.4 ਤੋਂ 6.4 ਡਿਗਰੀ ਸੈਂਟੀਗ੍ਰੇਡ ਦੇ ਵਿਚਕਾਰ ਰਹਿਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮੌਸਮ ਬੱਦਲਬਾਈ ਵਾਲਾ ਬਣਨ ਦੀ ਜਾਣਕਾਰੀ ਮਿਲੀ ਹੈ, ਪਰ ਇਸ ਦੇ ਬਾਵਜੂਦ ਠੰਢ ਦਾ ਕਹਿਰ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਮਾਨਸਾ ਤੋਂ ਇਲਾਵਾ ਅਗਲੇ ਦੋ ਦਿਨ ਬਰਨਾਲਾ, ਬਠਿੰਡਾ, ਮੁਕਤਸਰ ਸਾਹਿਬ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ ਵਿੱਚ ਸ਼ੀਤ ਲਹਿਰ ਚੱਲਣ ਦੇ ਨਾਲ ਕੋਰਾ ਪੈਣ ਦੀਆਂ ਭਾਰੀ ਸੰਭਾਵਨਾਵਾਂ ਹਨ, ਜਿਸ ਕਰਕੇ ਫ਼ਲੀਦਾਰ ਫ਼ਸਲਾਂ ਅਤੇ ਚੌੜੇ ਪੱਤੇ ਵਾਲੀਆਂ ਸਬਜ਼ੀਆਂ ਦਾ ਭਾਰੀ ਨੁਕਸਾਨ ਦਾ ਖਦਸ਼ਾ ਹੈ। ਡਾ. ਪਾਲ ਨੇ ਦੱਸਿਆ ਕਿ ਅੱਜ ਬਠਿੰਡਾ ਵਿੱਚ 3.4, ਫਰੀਦਕੋਟ 4.8, ਬਰਨਾਲਾ 4.4, ਮੋਗਾ 4.3 ਤੇ ਮੁਕਤਸਰ ਵਿੱਚ 4.3 ਡਿਗਰੀ ਤਾਪਮਾਨ ਸੈਂਟੀਗਰੇਡ ਰਹਿਣ ਦੀ ਜਾਣਕਾਰੀ ਮਿਲੀ ਹੈ।
ਪਾਵਰਕੌਮ ਦੇ ਸਤਾਏ ਕਿਸਾਨ ਪੋਹ ਦੀਆਂ ਠੰਢੀਆਂ ਰਾਤਾਂ ’ਚ ਪਾਣੀ ਲਾਉਣ ਨੂੰ ਮਜਬੂਰ
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੋਸ਼ ਲਾਇਆ ਕਿ ਰਾਜ ਵਿੱਚ ਪੈ ਰਹੀ ਭਾਰੀ ਸਰਦੀ ਦੇ ਬਾਵਜੂਦ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਵੱਲੋਂ ਕਿਸਾਨਾਂ ਨੂੰ ਦਿਨ ਦੀ ਬਜਾਏ ਰਾਤ ਵੇਲੇ ਟਿਊਬਵੈਲਾਂ ਦੀ ਬਿਜਲੀ ਦਿੱਤੀ ਜਾ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਪੋਹ ਦੀਆਂ ਠੰਢੀਆਂ ਰਾਤਾਂ ਵਿੱਚ ਪਾਣੀ ਲਾਉਣ ਲਈ ਜਾਣਾ ਪੈ ਰਿਹਾ ਹੈ।