ਪੱਤਰ ਪ੍ਰੇਰਕ
ਮਾਨਸਾ, 29 ਅਕਤੂਬਰ
ਇੱਥੋਂ ਨੇੜਲੇ ਪਿੰਡ ਭੈਣੀਬਾਘਾ ਲਾਗੇ ਅੱਜ ਸਵੇਰੇ ਪ੍ਰਾਈਵੇਟ ਸਕੂਲ ਦੀ ਵੈਨ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ। ਇਸ ਘਟਨਾ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ, ਪਰ ਵਾਹਨ ਨੁਕਸਾਨੇ ਗਏ।
ਜਾਣਕਾਰੀ ਅਨੁਸਾਰ ਸਵੇਰੇ ਪ੍ਰਾਈਵੇਟ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਪਿੰਡ ਭੈਣੀਬਾਘਾ ਵਾਲੇ ਪਾਸਿਓਂ ਆ ਰਹੀ ਸੀ। ਇਸ ਦੌਰਾਨ ਸੜਕ ਦੇ ਦੂਜੇ ਪਾਸੇ ਜਾਣ ਸਮੇਂ ਪਰਾਲੀ ਨਾਲ ਭਰੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਖਤਾਨਾਂ ਵਿੱਚ ਜਾ ਉੱਤਰੇ। ਰੌਲਾ ਪੈਣ ’ਤੇ ਆਸੇ-ਪਾਸੇ ਦੇ ਲੋਕ ਇਕੱਠੇ ਹੋਏ ਅਤੇ ਉਨ੍ਹਾਂ ਨੇ ਬੱਚਿਆਂ ਨੂੰ ਬਾਹਰ ਕੱਢਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਸੜਕ ਕਰਾਸ ਕਰਦੇ ਸਮੇਂ ਹੋਇਆ।
ਪੁਲੀਸ ਚੌਕੀ ਠੂਠਿਆਂਵਾਲੀ ਦੇ ਇੰਚਾਰਜ ਦੀਪ ਸਿੰਘ ਨੇ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਵਿੱਚ ਆਪਸੀ ਰਾਜ਼ੀਨਾਮਾ ਹੋ ਗਿਆ ਹੈ।
ਸੜਕ ਹਾਦਸੇ ਵਿੱਚ ਸਾਈਕਲ ਸਵਾਰ ਜ਼ਖਮੀ
ਏਲਨਾਬਾਦ (ਪੱਤਰ ਪ੍ਰੇਰਕ): ਸ਼ਹਿਰ ਦੀ ਨੌਹਰ ਰੋਡ ’ਤੇ ਜਨਤਾ ਗਰਲਜ਼ ਕਾਲਜ ਨੇੜੇ ਵਾਪਰੇ ਸੜਕ ਹਾਦਸੇ ’ਚ ਸਾਈਕਲ ਸਵਾਰ ਜ਼ਖ਼ਮੀ ਹੋ ਗਿਆ। ਉਸ ਨੂੰ ਮੁੱਢਲੇ ਇਲਾਜ ਤੋਂ ਬਾਅਦ ਸਿਰਸਾ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਛੋਟੂ ਰਾਮ ਆਪਣੇ ਸਾਈਕਲ ’ਤੇ ਜਾ ਰਿਹਾ ਸੀ ਤੇ ਮੋਟਰਸਾਈਕਲ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਛੋਟੂ ਰਾਮ ਗੰਭੀਰ ਜ਼ਖ਼ਮੀ ਹੋ ਗਿਆ। ਸਥਾਨਕ ਸਰਕਾਰੀ ਹਸਪਤਾਲ ਤੋਂ ਉਸ ਨੂੰ ਸਿਰਸਾ ਲਈ ਰੈਫਰ ਕਰ ਦਿੱਤਾ ਗਿਆ ਹੈ। ਭਾਈ ਕਨ੍ਹੱਈਆ ਮਾਨਵ ਸੇਵਾ ਟਰੱਸਟ ਦੀ ਐਂਬੂਲੈਂਸ ਨੇ ਜ਼ਖਮੀ ਨੂੰ ਸਿਰਸਾ ਤੱਕ ਪਹੁੰਚਾਉਣ ਦਾ ਮੁਫ਼ਤ ਸੇਵਾ ਦਿੱਤੀ।