ਨਵਕਿਰਨ ਸਿੰਘ
ਮਹਿਲ ਕਲਾਂ, 24 ਅਪਰੈਲ
ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ ਮਹਿਲ ਕਲਾਂ ਟੌਲ ਪਲਾਜ਼ਾ ਅੱਗੇ ਚੱਲ ਰਹੇ ਪੱਕੇ ਕਿਸਾਨ ਮੋਰਚੇ ਵਿੱਚ ਅੱਜ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਗਜੀਤ ਸਿੰਘ ਜੱਗਾ ਠੁੱਲੀਵਾਲ, ਅਜਮੇਰ ਸਿੰਘ ਮਹਿਲ ਕਲਾਂ, ਸੁਖਵਿੰਦਰ ਸਿੰਘ ਕਲਾਲ ਮਾਜਰਾ, ਸੋਹਣ ਸਿੰਘ, ਦਰਸ਼ਨ ਸਿੰਘ ਫੌਜੀ, ਗੁਰਮੇਲ ਠੁੱਲੀਵਾਲ ਆਦਿ ਨੇ ਸੰਬੋਧਨ ਕੀਤਾ
ਬਰਨਾਲਾ (ਖੇਤਰੀ ਪ੍ਰਤੀਨਿਧ): ਸੰਯੁੁਕਤ ਕਿਸਾਨ ਮੋਰਚੇ ਦਾ ਬਰਨਾਲਾ ਰੇਲਵੇ ਸਟੇਸ਼ਨ ’ਤੇ ਧਰਨਾ ਅੱਜ 206ਵੇਂ ਦਿਨ ਵੀ ਜਾਰੀ ਰਿਹਾ| ਧਰਨਾਕਾਰੀਆਂ ਨੇ ਅੰਦੋਲਨ ਲਈ ਹਰ ਕੁੁਰਬਾਨੀ ਕਰਨ ਅਤੇ ਅੰਤਿਮ ਜਿੱਤ ਤੱਕ ਅੰਦੋਲਨ ਜਾਰੀ ਰੱਖਣ ਦਾ ਅਹਿਦ ਲਿਆ| ਧਰਨੇ ‘ਚ ਅੱਜ ਡੈਮੋਕ੍ਰੈਟਿਕ ਮੁੁਲਾਜ਼ਮ ਫੈੱਡਰੇਸ਼ਨ ਦੇ ਵੱਡੇ ਵਫ਼ਦ ਨੇ ਸ਼ਿਰਕਤ ਕੀਤੀ| ਬੁੁਲਾਰਿਆਂ ਨੇ ਕਿਹਾ ਕਿ ਖੇਤੀ ਕਾਨੂੰਨ ਸਿਰਫ਼ ਕਿਸਾਨਾਂ ਲਈ ਹੀ ਨਹੀਂ ਸਗੋਂ ਸਮਾਜ ਦੇ ਸਾਰੇ ਵਰਗਾਂ ਲਈ ਖ਼ਤਰਨਾਕ ਹਨ|
ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਨਥਾਣਾ ਦੇ ਕਿਸਾਨਾਂ ਵੱਲੋਂ ਬੈਸਟ ਪ੍ਰਾਈਸ ਮਾਲ ਅਤੇ ਬਲਾਕ ਰਾਮਪੁਰਾ ਵੱਲੋਂ ਲਹਿਰਾ ਬੇਗਾ ਟੌਲ ਪਲਾਜ਼ਾ ’ਤੇੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਮੋਰਚੇ ਅੱਜ 206ਵੇਂ ਦਿਨ ਵੀ ਜਾਰੀ ਰਹੇ। ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਲਾਕ ਆਗੂ ਬਲਜੀਤ ਸਿੰਘ ਪੂਹਲਾ, ਗੁਰਜੰਟ ਸਿੰਘ ਅਤੇ ਸਿਮਰਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਲਈ ਭਾਵੇਂ ਜੋ ਮਰਜ਼ੀ ਹੱਥਕੰਡੇ ਵਰਤ ਲਵੇ, ਪਰ ਕਿਸਾਨ ਖੇਤੀ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖਣਗੇ। ਮੋਦੀ ਸਰਕਾਰ ਦੀ ਜ਼ਿੱਦ ਕਾਰਨ ਦੇਸ਼ ਦੇ ਸਮੁੱਚੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੀ ਜੰਗ ਲੰਮੇਰੀ ਹੋ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਫੰਡ ਦੇਣ।
ਬਾਰਦਾਨੇ ਦੀ ਥੁੜ ਕਾਰਨ ਸੜਕ ਰੋਕੀ
ਬਰੇਟਾ (ਪੱਤਰ ਪ੍ਰੇਰਕ): ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਲਗਾਤਾਰ ਚਲਾਇਆ ਜਾ ਰਿਹਾ ਹੈ। ਇੱਥੇ ਪੈਟਰੋਲ ਪੰਪ ਦੇ ਧਰਨੇ ਵਿਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਖੇਤੀ ਕਾਨੂੰਨਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਹੋ ਰਹੀਆਂ ਹਨ। ਇਸ ਧਰਨੇ ਵਿੱਚ ਜੋਗਿੰਦਰ ਸਿੰਘ ਦਿਆਲਪੁਰਾ, ਕਰਮਜੀਤ ਸਿੰਘ, ਸੁਖਵੰਤ ਕੌਰ, ਭੋਲਾ ਸਿੰਘ ਖੁਡਾਲ, ਕਰਮਜੀਤ ਸਿੰਘ, ਲੀਲਾ ਸਿੰਘ ਕਿਸਨਗੜ੍ਹ, ਮੱਖਣ ਸਿੰਘ ਬਰੇਟਾ, ਗੁਰਮੀਤ ਸਿੰਘ ਸੰਘਰੇੜੀ ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਬਾਰਦਾਨੇ ਦੀ ਥੁੜ ਖ਼ਿਲਾਫ਼ ਬਰੇਟਾ-ਬੁਢਲਾਡਾ ਮੁੱਖ ਸੜਕ ’ਤੇ ਪਿੰਡ ਸਿਰਸੀ ਵਾਲਾ ਦੇ ਅੱਡੇ ’ਤੇ ਧਰਨਾ ਲਾਇਆ ਗਿਆ।