ਪੱਤਰ ਪ੍ਰੇਰਕ
ਲੰਬੀ, 3 ਅਕਤੂਬਰ
ਨਰਮਾ ਪੱਟੀ ਦੇ ਕਿਸਾਨ ਗੁਲਾਬੀ ਸੁੰਡੀ ਕਰਕੇ ਖ਼ਰਾਬ ਹੋਏ ਨਰਮੇ ਦਾ ਮੁਆਵਜ਼ਾ ‘ਖਾਲੀ’ ਖਜ਼ਾਨੇ ਵਾਲੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਬੂਹਾ ਮੱਲ ਕੇ ਲੈਣਗੇ। ਭਾਕਿਯੂ ਏਕਤਾ ਉਗਰਾਹਾਂ ਦੇ ਪੰਜ ਜ਼ਿਲਿਆਂ ਦੀ ਲੀਡਰਸ਼ਿਪ ਦੀ ਮੀਟਿੰਗ ਅੱਜ ਪਿੰਡ ਲੰਬੀ ਵਿਖੇ ਗੁਦਰੁਆਰੇ ਵਿਚ ਹੋਈ। ਜਿਸਦੀ ਪ੍ਰਧਾਨਗੀ ਯੂਨੀਅਨ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕੀਤੀ। ਮੀਟਿੰਗ ’ਚ ਵਿੱਤ ਮੰਤਰੀ ਦੀ ਬਾਦਲ ਪਿੰਡ ਰਿਹਾਇਸ਼ ਮੂਹਰੇ 5 ਅਕਤੂਬਰ ਤੋਂ ਐਲਾਨੇ ਹੋਏ ਅਣਮਿਥੇ ਸਮੇਂ ਦੇ ਧਰਨੇ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਉਗਰਾਹਾਂ ਜਥੇਬੰਦੀ ਨੇ ਗੁਲਾਬੀ ਸੁੰਡੀ ਨਰਮਾ ਖ਼ਰਾਬੇ ਦਾ ਕਿਸਾਨਾਂ ਨੂੰ ਪ੍ਰਤੀ ਏਕੜ ਮੁਆਵਜ਼ਾ 60 ਹਜ਼ਾਰ ਰੁਪਏ ਅਤੇ ਖੇਤ ਮਜ਼ਦੂਰਾਂ ਨੂੰ ਰੁਜ਼ਗਾਰ ਉਜਾੜਾ ਭੱਤਾ 30 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਅਤੇ ਹੋਰਨਾਂ ਕੁਦਤਰੀ ਕਾਰਨਾਂ ਖ਼ਰਾਬ ਫ਼ਸਲਾਂ ਦੇ ਮੁਆਵਜ਼ੇ ਤੋਂ ਇਲਾਵਾ ਗੁਲਾਬੀ ਸੁੰਡੀ ਦੀ ਪੈਦਾਇਸ਼ ਲਈ ਜ਼ਿੰਮੇਵਾਰ ਬੀਜ/ਪੈਸਟੀਸਾਈਡਜ਼ ਕੰਪਨੀਆਂ ਖਿਲਾਫ਼ ਵੱਡੀ ਕਾਰਵਾਈ ਦੀ ਮੰਗ ਕੀਤੀ ਹੈ। ਮੋਰਚੇ ਵਿੱਚ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਫਾਜ਼ਿਲਕਾ ਦੇ ਕਿਸਾਨ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਬਾਦਲ ਪਿੰਡ ਮੋਰਚੇ ਦੀਆਂ ਸਮੁੱਚੇ ਇੰਤਜ਼ਾਮ ਨੇਪਰੇ ਚਾੜ੍ਹ ਲਏ ਗਏ ਹਨ। ਯੂਨੀਅਨ ਕਾਰਕੁੰਨਾਂ ਅਤੇ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਯੂਨੀਅਨ ਦੇ ਆਗੂ ਗੁਰਭਗਤ ਸਿੰਘ ਭਲਾਈਆਣਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਹੀ ਮੁਆਵਜ਼ੇ ਦੀ ਗਿਰਦਾਵਰੀ ਕਰਕੇ ਮੁਆਵਜ਼ਾ ਦਿੱਤੇ ਜਾਣ ਦੀ ਕਾਰਵਾਈ ਸ਼ੁਰੂ ਨਾ ਕੀਤੀ ਤਾਂ ਪੰਜ ਜ਼ਿਲ੍ਹਿਆਂ ਦੇ ਕਿਸਾਨ 5 ਅਕਤੂਬਰ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿੰਡ ਬਾਦਲ ਸਥਿਤੀ ਰਿਹਾਇਸ਼ ਦਾ ਅਣਮਿਥੇ ਸਮੇਂ ਲਈ ਘਿਰਾਓ ਕਰਨਗੇ ਅਤੇ ਬਾਕੀ ਹਲਕਿਆਂ ’ਚ ਵਿਧਾਇਕਾਂ ਦਾ ਘਿਰਾਓ ਕੀਤਾ ਜਾਵੇਗਾ।
ਡੱਬੀ:::::::::::::: ਕਿਰਤੀਆਂ ਨੂੰ ਮਨਪ੍ਰੀਤ ਦੀ ਕੋਠੀ ਪੁੱਜਣ ਦੀ ਅਪੀਲ
ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਨਥਾਣਾ ਵੱਲੋਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਬੈਸਟ ਪ੍ਰਾਈਸ ਮਾਲ ਭੁੱਚੋ ਖੁਰਦ ਅੱਗੇ 368 ਦਿਨਾਂ ਤੋਂ ਚੱਲ ਰਹੇ ਮੋਰਚੇ ਦੀ ਕਮਾਨ ਅੱਜ ਔਰਤਾਂ ਨੇ ਸੰਭਾਲੀ। ਸਟੇਜ ਸੰਚਾਲਨ ਛੋਟੀ ਬੱਚੀ ਅਰਸ਼ਨੂਰ ਕੌਰ ਪੂਹਲਾ ਨੇ ਕੀਤਾ। ਇਸ ਮੌਕੇ ਕਿਸਾਨਾਂ ਨੇ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬਲਾਕ ਜਰਨਲ ਸਕੱਤਰ ਬਲਜੀਤ ਸਿੰਘ ਪੂਹਲਾ ਨੇ ਕਿਹਾ ਕਿ ਕਿਰਤੀ ਲੋਕ ਨਰਮੇ ਦੇ ਮੁਆਵਜ਼ੇ ਲਈ ਪੰਜ ਅਕਤੂਬਰ ਨੂੰ ਪਿੰਡ ਬਾਦਲ ਵਿੱਚ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਅੱਗੇ ਕੀਤੇ ਜਾਣ ਵਾਲੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ।