ਪਵਨ ਗੋਇਲ
ਭੁੱਚੋ ਮੰਡੀ, 13 ਫਰਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਚਾਰ ਸਾਲ ਪੁਰਾਣੇ ਮਾਮਲੇ ਵਿੱਚ ਬਿਜਲੀ ਅਧਿਕਾਰੀਆਂ ਵਿਰੁੱਧ ਕਰਾਸ ਕੇਸ ਦਰਜ ਕਰਨ ਦੀ ਮੰਗ ਲਈ ਬਲਾਕ ਨਥਾਣਾ ਦੇ ਪ੍ਰਧਾਨ ਹੁਸ਼ਿਆਰ ਸਿੰਘ ਦੀ ਪ੍ਰਧਾਨਗੀ ਹੇਠ ਪੁਲੀਸ ਚੌਕੀ ਦਾ ਮੁਕੰਮਲ ਘਿਰਾਓ ਕੀਤਾ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਘਿਰਾਓ ਵਿੱਚ ਬੀਬੀਆਂ ਵੀ ਸ਼ਾਮਲ ਸਨ। ਪੁਲੀਸ ਵੱਲੋਂ ਕਥਿਤ ਤੌਰ ’ਤੇ ਟਾਲ ਮਟੋਲ ਦੀ ਨੀਤੀ ਅਪਣਾਏ ਜਾਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਸੀ। ਉਨ੍ਹਾਂ ਐਲਾਨ ਕੀਤਾ ਕਿ ਬਿਜਲੀ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਤੱਕ ਘਿਰਾਓ ਜਾਰੀ ਰਹੇਗਾ।
ਇਸ ਮੌਕੇ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ, ਜਗਸੀਰ ਸਿੰਘ ਝੂੰਬਾ, ਗੁਰਪਾਲ ਸਿੰਘ ਦਿਉਣ, ਅਮਰੀਕ ਸਿੰਘ ਸਿਵੀਆ, ਲਖਬੀਰ ਸਿੰਘ ਬੀਰਾ, ਔਰਤ ਆਗੂ ਕਰਮਜੀਤ ਕੌਰ ਲਹਿਰਾ ਅਤੇ ਸੁਖਜੀਤ ਕੌਰ ਚੱਕ ਨੇ ਕਿਹਾ ਕਿ ਸਾਲ 2019 ਵਿੱਚ ਬਿਜਲੀ ਅਧਿਕਾਰੀਆਂ ਨੇ ਪਿੰਡ ਚੱਕ ਫਤਿਹ ਸਿੰਘ ਵਾਲਾ ਵਿੱਚ ਮਾਰੇ ਗਏ ਛਾਪੇ ਦੌਰਾਨ ਉਹ ਕਿਸਾਨ ਅਜਮੇਰ ਸਿੰਘ ਅਤੇ ਤਰਸੇਮ ਸਿੰਘ ਦੇ ਘਰ ਵਿੱਚ ਗੁਆਂਢੀਆਂ ਦੀ ਕੰਧ ਗੈਰਕਾਨੂੰਨੀ ਢੰਗ ਨਾਲ ਕੰਧ ਟੱਪ ਕੇ ਦਾਖ਼ਲ ਹੋਏ ਸਨ। ਉਸ ਸਮੇਂ ਗੁਆਂਢੀਆਂ ਦੀ ਲੜਕੀ ਬਿਨਾਂ ਛੱਤ ਵਾਲੇ ਬਾਥਰੂਮ ਵਿੱਚ ਨਹਾ ਰਹੀ ਸੀ। ਉਨ੍ਹਾਂ ਕਿਹਾ ਕਿ ਲੜਕੀ ਦੀ ਮਾਂ ਨੇ ਬਿਜਲੀ ਅਧਿਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਰੁਕੇ। ਉਨ੍ਹਾਂ ਕਿਹਾ ਕਿ ਬਿਜਲੀ ਅਧਿਕਾਰੀਆਂ ਨੇ ਕਿਸਾਨਾਂ ਨੂੰ ਲਿਖਤੀ ਰੂਪ ਵਿੱਚ ਕੋਈ ਕਾਰਵਾਈ ਨਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਅਗਲੇ ਦਿਨ ਬਿਜਲੀ ਮੁਲਾਜ਼ਮਾਂ ਨੇ ਕਿਸਾਨ ਅਜਮੇਰ ਸਿੰਘ ਅਤੇ ਤਰਸੇਮ ਸਿੰਘ ਵਿਰੁੱਧ ਦਰਖ਼ਾਸਤ ਦੇ ਦਿੱਤੀ। ਪਤਾ ਲੱਗਣ ’ਤੇ ਕਿਸਾਨਾਂ ਨੇ ਵੀ ਬਿਜਲੀ ਅਧਿਕਾਰੀਆਂ ਵਿਰੁੱਧ ਗੈਰਕਾਨੂੰਨੀ ਢੰਗ ਨਾਲ ਕੰਧ ਟੱਪਣ ਦੀ ਦਰਖਾਸਤ ਦੇ ਦਿੱਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਦਰਖ਼ਾਸਤ ਦਾ ਜਦੋਂ ਬਿਜਲੀ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਐੱਸਡੀਓ ਅਤੇ ਜੇਈ ਨੇ ਸਮਝੌਤਾ ਕਰਨ ਦਾ ਭਰੋਸਾ ਦੇ ਕੇ ਕੋਈ ਕਾਨੂੰਨੀ ਕਾਰਵਾਈ ਨਾ ਕਰਨ ਦੀ ਗੱਲ ਕਹਿ ਕੇ ਮਾਮਲਾ ਨਬੇੜ ਦਿੱਤਾ ਸੀ। ਉਸ ਤੋਂ ਬਾਅਦ ਕਿਸਾਨ ਅਵੇਸਲੇ ਹੋ ਗਏ, ਪਰ ਅਧਿਕਾਰੀਆਂ ਨੇ ਕਿਸਾਨਾਂ ਖ਼ਿਲਾਫ ਪੱਕੀ ਐਫ਼ਆਈਆਰ ਦਰਜ ਕਰਾ ਦਿੱਤੀ, ਜਿਸ ਦਾ ਚਾਰ ਸਾਲ ਬਾਅਦ ਦਸੰਬਰ 2023 ਵਿੱਚ ਉਸ ਸਮੇਂ ਪਤਾ ਲੱਗਿਆ, ਜਦੋਂ ਦੋਵੇਂ ਕਿਸਾਨਾਂ ਖ਼ਿਲਾਫ਼ ਚਲਾਨ ਪੇਸ਼ ਹੋ ਗਏ। ਉਨ੍ਹਾਂ ਕਿਹਾ ਕਿ ਜਦੋਂ ਜਥੇਬੰਦੀ ਨੇ ਪੁਲੀਸ ਅਧਿਕਾਰੀਆਂ ਤੋਂ ਪੁੱਛਿਆ ਕਿ ਉਨ੍ਹਾਂ ਦੀ ਦਰਖ਼ਾਸਤ ’ਤੇ ਕਾਰਵਾਈ ਕਿਉਂ ਨਹੀਂ ਹੋਈ ਤਾਂ ਪੁਲੀਸ ਨੇ ਕਿਹਾ ਕਿ ਫਾਈਲ ਗੁੰਮ ਹੋ ਗਈ ਹੈ। ਇਸ ਮੌਕੇ ਪੁਲੀਸ ਚੌਂਕੀ ਵਿੱਚ ਐੱਸਐੱਚਓ ਸੰਦੀਪ ਭਾਟੀ ਮੌਜੂਦ ਸਨ।
ਇਸ ਦੌਰਾਨ ਚੌਕੀ ਇੰਚਾਰਜ ਗੋਰਾ ਸਿੰਘ ਨੇ ਕਿਹਾ ਕਿ ਉਹ ਕਿਸਾਨਾਂ ਦੀ ਬਿਜਲੀ ਅਧਿਕਾਰੀਆਂ ਨਾਲ ਮੀਟਿੰਗ ਕਰਵਾ ਦੇਣਗੇ। ਦੂਜੇ ਪਾਸੇ, ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੁਲੀਸ ਸਵੇਰ ਤੋਂ ਮੀਟਿੰਗ ਕਰਵਾਉਣ ਦੀ ਗੱਲ ਕਰ ਰਹੀ ਹੈ, ਪਰ ਸ਼ਾਮ ਤੱਕ ਕੋਈ ਮੀਟਿੰਗ ਨਹੀਂ ਹੋ ਸਕੀ।