ਜੋਗਿੰਦਰ ਸਿੰਘ ਮਾਨ
ਮਾਨਸਾ, 23 ਅਕਤੂਬਰ
ਕਿਸਾਨਾਂ ਦੇ ਧਰਨੇ ਦੌਰਾਨ ਜਿਸ ਬੁਜ਼ਰਗ ਮਾਤਾ ਤੇਜ ਕੌਰ (84) 9 ਅਕਤੂਬਰ ਨੂੰ ਦੇਹਾਂਤ ਹੋ ਗਿਆ ਸੀ, ਉਸ ਦੇ ਅੰਤਿਮ ਸਸਕਾਰ ਦਾ ਮਾਮਲਾ ਲਗਾਤਾਰ ਉਲਝਦਾ ਜਾ ਰਿਹਾ ਹੈ, ਜਿਸ ਨੂੰ ਅਧਿਕਾਰੀਆਂ ਤੇ ਕਿਸਾਨ ਆਗੂਆਂ ਦੀਆਂ ਮੀਟਿੰਗਾਂ ਵੀ ਸੁਲਝਾ ਨਹੀਂ ਸਕੀਆਂ ਹਨ। ਇਹ ਮਾਤਾ ਬੁਢਲਾਡਾ ਦੇ ਰੇਲਵੇ ਸਟੇਸ਼ਨ ਉਤੇ ਜਥੇਬੰਦੀਆਂ ਵੱਲੋਂ ਦਿੱਲੀ ਨੂੰ ਜਾਣ ਵਾਲੀਆਂ ਰੇਲਾਂ ਰੋਕਣ ਲਈ ਦਿੱਤੇ ਧਰਨੇ ਦੌਰਾਨ ਅਚਨਚੇਤ ਡਿੱਗ ਪਈ ਸੀ ਅਤੇ ਸਿਰ ਦੀ ਸੱਟ ਵੱਜਣ ਕਾਰਨ ਉਦੀ ਮੌਤ ਹੋ ਗਈ ਸੀ। ਕਿਸਾਨ ਜਥੇਬੰਦੀ ਵੱਲੋਂ ਇਸ ਨੂੰ ਖੇਤੀ ਕਾਨੂੰਨਾਂ ਵਿਰੁੱਧ ਵਿੱਢੀ ਜੰਗ ਦਾ ਸ਼ਹੀਦ ਕਰਾਰ ਦੇ ਕੇ 10 ਲੱਖ ਰੁਪਏ ਮੁਆਵਜ਼ਾ, ਇੱਕ ਜੀਅ ਨੂੰ ਨੌਕਰੀ ਅਤੇ ਕਰਜ਼ੇ ’ਤੇ ਲਕੀਰ ਮਾਰਨ ਲਈ ਰੱਖੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਾ ਦਫ਼ਤਰ ਲਗਾਤਾਰ 11 ਦਿਨਾਂ ਤੋਂ ਘੇਰਿਆ ਹੋਇਆ। ਜਥੇਬੰਦੀ ਵੱਖਰੇ ਤੌਰ ‘ਤੇ ਡੀ.ਸੀ ਦੀ ਰਿਹਾਇਸ਼ ਵੀ ਘੇਰੀ ਬੈਠੀ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਜਸਵਿੰਦਰ ਕੌਰ ਝੇਰਿਆਂਵਾਲੀ ਨੇ ਕਿਹਾ ਕਿ ਅੱਜ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਅਤੇ ਰਿਹਾਇਸ਼ ਦੇ ਕੀਤੇ ਘਿਰਾਓ ’ਚ ਵੱਡੀ ਗਿਣਤੀ ’ਚ ਕਿਸਾਨ, ਨੌਜਵਾਨ ਅਤੇ ਔਰਤਾਂ ਸ਼ਾਮਲ ਹੋਈਆਂ, ਜਿਸ ਤੋਂ ਕਿਸਾਨੀ ਦੇ ਦਰਦ ਦੀ ਕਹਾਣੀ ਦਾ ਆਪਣੇ-ਆਪ ਪਤਾ ਲੱਗਦਾ ਹੈ। ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅੜੀਅਲ ਰਵੱਈਆ ਕਾਰਨ ਕਿਸਾਨਾਂ ਵਿੱਚ ਸਰਕਾਰ ਪ੍ਰਤੀ ਰੋਸ ਵਧਣ ਲੱਗਿਆ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਖਿਲਾਫ ਚੱਲ ਰਹੇ ਅੰਦੋਲਨ ਵਿੱਚ ਆਪਣੀਆਂ ਜਾਨਾਂ ਦੇਣ ਵਾਲੇ ਕਿਸਾਨਾਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਸਰਕਾਰ ਨੇ ਪਹਿਲੀ ਵਾਰ ਸਰਧਾਂਜਲੀ ਦੇਕੇ ਸ਼ਹੀਦਾਂ ਦਾ ਦਰਜਾ ਦਿੱਤਾ ਹੈ, ਪਰ ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਸੰਘਰਸ਼ ਵਿੱਚ ਆਪਣੀ ਜ਼ਿੰਦਗੀ ਦਾਅ ’ਤੇ ਲਾ ਗਏ ਉਨ੍ਹਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਪੁੱਛ ਵੀ ਨਹੀਂ ਰਹੀ।
ਇਸ ਮੌਕੇ ਮਹਿੰਦਰ ਸਿੰਘ ਰੁਮਾਣਾ, ਉੱਤਮ ਸਿੰਘ ਰਾਮਾਂਨੰਦੀ, ਜਗਦੇਵ ਸਿੰਘ ਭੈਣੀ ਬਾਘਾ, ਭੋਲਾ ਸਿੰਘ ਮਾਖਾ, ਸਾਧੂ ਸਿੰਘ ਅਲੀਸ਼ੇਰ, ਮਲਕੀਤ ਸਿੰਘ ਕੋਟਧਰਮੂ, ਰਾਣੀ ਕੌਰ ਭੰਮੇ ਅਤੇ ਜੱਗਾ ਸਿੰਘ ਤਲਵੰਡੀ ਸਾਬੋ ਨੇ ਵੀ ਸੰਬੋਧਨ ਕੀਤਾ।