ਪਰਸ਼ੋਤਮ ਬੱਲੀ
ਬਰਨਾਲਾ, 28 ਜੂਨ
ਔਰਤ ਕਰਜ਼ਾ ਮੁਕਤੀ ਦੇ ਮੁੱਦੇ ਨੂੰ ਲੈ ਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਸਥਾਨਕ ਤਰਕਸ਼ੀਲ ਭਵਨ ਵਿੱਚ ਸੂਬਾਈ ਰੈਲੀ ਹੋਈ। ਪ੍ਰਧਾਨਗੀ ਮੰਡਲ ’ਚ ਗੋਬਿੰਦ ਛਾਜਲੀ, ਹਰਵਿੰਦਰ ਸੇਮਾ, ਮੱਖਣ ਰਾਮਗੜ੍ਹ, ਨਿੱਕਾ ਬਹਾਦਰਪੁਰ, ਕਰਮਜੀਤ ਕੌਰ ਮੁਦਕੀ, ਕ੍ਰਿਸ਼ਨਾ ਕੌਰ ਮਾਨਸਾ ਤੇ ਹਰਵਿੰਦਰ ਕੌਰ ਭਵਾਨੀਗੜ੍ਹ ਆਦਿ ਆਗੂ ਸ਼ਾਮਿਲ ਸਨ।
ਰੈਲੀ ਨੂੰ ਸੰਬੋਧਨ ਕਰਦਿਆਂ ਮੋਰਚਾ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਕੋਵਿਡ-19/ਲੌਕਡਾਊਨ ਦੇ ਚਲਦਿਆਂ ਪ੍ਰਾਈਵੇਟ ਫਾਇਨਾਂਸ ਕੰਪਨੀਆਂ ਸਮੇਤ ਹੋਰ ਸਰਕਾਰੀ ਤੇ ਨੀਮ ਸਰਕਾਰੀ ਸੰਸਥਾਵਾਂ ਤੋਂ ਨਿੱਕੇ-ਮੋਟੇ ਕਰਜ਼ਾ ਪ੍ਰਾਪਤ ਪੇਂਡੂ ਤੇ ਸ਼ਹਿਰੀ ਗਰੀਬ ਔਰਤਾਂ ਨੂੰ ਵਸੂਲੀ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਘਰ ਅਤੇ ਸਾਮਾਨ ਦੀ ਕੁਰਕੀ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਵੱਡੇ-ਵੱਡੇ ਅਮੀਰ ਕਾਰਪੋਰੇਟਸ ਦਾ ਅਰਬਾਂ ਦਾ ਕਰਜ਼ਾ ਮੁਆਫ਼ ਹੋ ਸਕਦਾ ਹੈ ਤਾਂ ਇਨ੍ਹਾਂ ਗਰੀਬ ਔਰਤਾਂ ਦਾ ਕਿਉਂ ਨਹੀਂ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਉਕਤ ਬੈਂਕਾਂ ਤੇ ਵਿੱਤੀ ਕੰਪਨੀਆਂ ਦੇ ਘਰੀਂ ਗੇੜੇ ਮਾਰ ਰਹੇ ਮੁਲਾਜ਼ਮ ਪ੍ਰੇਸ਼ਾਨ ਕਰਨ ਤੋਂ ਬਾਜ਼ ਨਾ ਆਏ ਤਾਂ ਘਿਰਾਓ ਕੀਤਾ ਜਾਵੇਗਾ। ਕਿਸੇ ਗਰੀਬ ਦੇ ਘਰ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਨਾ ਹੀ ਜੇਲ੍ਹ ਡੱਕਣ ਦਿੱਤਾ ਜਾਵੇਗਾ। ਆਗੂਆਂ ਕਰਜ਼ਈ ਔਰਤਾਂ ਨੂੰ ਕਿਸ਼ਤਾਂ ਦੇ ਬਾਈਕਾਟ ਦਾ ਵੀ ਸੱਦਾ ਦਿੱਤਾ। ਇਨ੍ਹਾਂ ਔਰਤਾਂ ਨੂੰ ਕਰਜ਼ੇ ਤੋਂ ਮੁਕਤ ਕਰਾਉਣ ਲਈ ਮੁੱਖ ਮੰਤਰੀ ਪੰਜਾਬ ਨੂੰ ਵੀ ਅਪੀਲ ਕੀਤੀ ਗਈ। ਨਾ ਹੋਣ ‘ਤੇ ਅੰਦੋਲਨ ਸੂਬੇ ਭਰ ‘ਚ ਤੇਜ਼ ਕਰਨ ਦੀ ਚਿਤਾਵਨੀ ਵੀ ਦਿੱਤੀ। ਇਸ ਤੋਂ ਇਲਾਵਾ ਲਾਕਡਾਊਨ ਸਮੇਂ ਦੇ ਗਰੀਬਾਂ ਤੇ ਛੋਟੇ ਦੁਕਾਨਦਾਰਾਂ ਦੇ ਬਿਜਲੀ ਬਿੱਲ ਮੁਆਫ਼ ਕਰਨ ਦੀ ਵੀ ਮੰਗ ਕੀਤੀ। ਅਗਸਤ ਮਹੀਨੇ ਜ਼ਿਲ੍ਹਾ ਪੱਧਰੀ ਔਰਤ ਕਰਜ਼ਾ ਮੁਕਤੀ ਰੈਲੀਆਂ ਕਰਨ ਦਾ ਵੀ ਐਲਾਨ ਕਰਦਿਆਂ ਲਾਮਬੰਦੀ ਹਿੱਤ ਪਿੰਡ-ਪਿੰਡ ਮੀਟਿੰਗਾਂ ਦਾ ਵੀ ਫੈਸਲਾ ਲਿਆ। ਰੈਲੀ ਵਿੱਚ ਮਾਨਸਾ, ਸੰਗਰੂਰ, ਬਰਨਾਲਾ, ਬਠਿੰਡਾ, ਮੁਕਤਸਰ ਸਾਹਿਬ, ਪਟਿਆਲਾ, ਫਰੋਜ਼ਪੁਰ, ਫਰੀਦਕੋਟ ਤੇ ਮੋਗਾ ਜ਼ਿਲ੍ਹਿਆਂ ਤੋਂ ਆਗੂ ਟੀਮਾਂ ਨੇ ਭਾਗ ਲਿਆ। ਬੁਲਾਰਿਆਂ ‘ਚ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਕੇਵਲ ਸਿੰਘ ਅੰਬੋਹਰ, ਇਨਕਲਾਬੀ ਨੌਜਵਾਨ ਸਭਾ ਦੇ ਬਿੰਦਰ ਔਲਖ ਸ਼ਾਮਿਲ ਸਨ।