ਪੱਤਰ ਪ੍ਰੇਰਕ
ਮਾਨਸਾ, 20 ਅਗਸਤ
ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐਫ) ਦੀ ਮਾਨਸਾ ਜ਼ਿਲ੍ਹਾ ਇਕਾਈ ਨੇ ਹੋਰਨਾਂ ਵਿਭਾਗਾਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਵੱਖ-ਵੱਖ-ਵੱਖ ਤਜਰਬਿਆਂ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਇਨ੍ਹਾਂ ਤਜਰਬਿਆਂ ਕਾਰਨ ਸਿੱਖਿਆ ਵਿਭਾਗ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮੋਲਕ ਡੇਲੂਆਣਾ ਨੇ ਦੱਸਿਆ ਕਿ ਪਹਿਲਾਂ ਮਿਸ਼ਨ ਸਮਰੱਥ ਦੇ ਨਾਂ ਹੇਠ ਬੱਚਿਆਂ ਨੂੰ ਸਿਲੇਬਸ ਤੋਂ ਦੂਰ ਰੱਖਿਆ ਗਿਆ ਅਤੇ ਹੁਣ ਵਿਭਾਗ ਵੱਲੋਂ ਬਿਨਾਂ ਕੋਈ ਗਰਾਂਟ ਦਿੱਤਿਆਂ ਹਰ ਹਫ਼ਤੇ ਕੰਪੀਟੈਂਸੀ ਇਨਹਾਂਸਮੈਂਟ ਪਲਾਨ ਅਧੀਨ ਪੇਪਰ ਲੈਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਪਹਿਲਾਂ ਆਈਆਂ ਗ੍ਰਾਂਟਾਂ ਵਾਪਸ ਲੈ ਕੇ ਅਧਿਆਪਕਾਂ ਨੂੰ ਲੱਖਾਂ ਰੁਪਏ ਦੇ ਕਰਜ਼ਈ ਕਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਸ ਨਜ਼ਰੀਏ ਤੋਂ ਵਿਭਾਗ ਨੂੰ ਸਭ ਤੋਂ ਪਹਿਲਾਂ ਰੁਕੀਆ ਹੋਈਆਂ ਗ੍ਰਾਂਟਾਂ ਜਾਰੀ ਕਰਨੀਆਂ ਚਾਹੀਦੀਆਂ ਹਨ ਅਤੇ ਕੰਪੀਟੈਂਸੀ ਇਨਹਾਂਸਮੈਂਟ ਟੈਸਟ ਜਾਂ ਤਾਂ ਛਪਿਆ ਛਪਾਇਆ ਮੁਹੱਈਆ ਕਰਵਾਉਣਾ ਚਾਹੀਦਾ ਹੈ ਜਾਂ 20 ਰੁਪਏ ਪ੍ਰਤੀ ਪੇਪਰ ਜਾਰੀ ਤੁਰੰਤ ਕਰਨੇ ਚਾਹੀਦੇ ਹਨ।
ਇਸ ਮੌਕੇ ਹੰਸਾ ਸਿੰਘ ਗਿੱਲ, ਕੌਰ ਸਿੰਘ ਫੱਗੂ, ਅਸ਼ਵਨੀ ਖੁਡਾਲ, ਜਸਵੀਰ ਭੰਮਾਂ, ਪਰਮਿੰਦਰ ਮਾਨਸਾ, ਦਿਲਬਾਗ ਰੱਲੀ, ਪ੍ਰੇਮ ਦੋਦੜਾ, ਇਕਬਾਲ ਬਰੇਟਾ ਨੇ ਵੀ ਸੰਬੋਧਨ ਕੀਤਾ।