ਮਾਨਸਾ: ਗੌਰਮਿੰਟ ਟੀਚਰਜ਼ ਯੂਨੀਅਨ ਨੇ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਵੱਖ-ਵੱਖ ਮਦਾਂ ਤਹਿਤ ਭੇਜੀਆਂ ਗ੍ਰਾਂਟਾਂ ਖਰਚਣ ਲਈ ਸਕੂਲ ਮੁਖੀਆਂ ਨੂੰ ਪ੍ਰੇਸ਼ਾਨ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਸਕੂਲ ਵਿੱਚ ਵੱਖ-ਵੱਖ ਮਦਾਂ ਤਹਿਤ ਸਿਵਲ ਵਰਕਸ ਦੀਆਂ, ਜੋ ਗਰਾਂਟਾਂ ਭੇਜੀਆਂ ਜਾਦੀਆਂ ਹਨ, ਉਨ੍ਹਾਂ ਨੂੰ ਸਕੂਲ ਮੈਨੇਜਮੈਂਟ ਦੀ ਮਦਦ ਨਾਲ ਵਿੱਤੀ ਵਰ੍ਹੇ ਵਿੱਚ ਖਰਚਣਾ ਹੁੰਦਾ ਹੈ, ਪਰ ਸਿੱਖਿਆ ਵਿਭਾਗ ਦੀ ਗ੍ਰਾਂਟ ਆਉਣ ਤੋਂ ਹਫ਼ਤੇ ਬਾਅਦ ਹੀ ਜ਼ਿਲ੍ਹਾ, ਬਲਾਕ ਦਫ਼ਤਰਾਂ ਵੱਲੋਂ ਗ੍ਰਾਂਟ ਖ਼ਰਚਣ ਲਈ ਸਕੂਲ ਮੁਖੀਆਂ ’ਤੇ ਦਬਾਅ ਬਣਾਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ, ਜਦਕਿ ‘ਕਾਰਨ ਦੱਸੋ ਨੋਟਿਸ’ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਸਿੱਖਿਆ ਵਿਭਾਗ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਕੂਲਾਂ ਲਈ ਰਿਪੇਅਰ ਅਤੇ ਮੈਂਟੀਨੈਂਸ ਗਰਾਂਟ ਵਿੱਤੀ ਵਰ੍ਹੇ 2021-22 ਲਈ ਆਈ ਹੈ, ਉਸ ਦੇ ਵਰਤੋਂ ਸਰਟੀਫਿਕੇਟ ਸਤੰਬਰ ਮਹੀਨੇ ਵਿੱਚ ਲੈਣ ਲਈ ਕਿਉਂ ਸਕੂਲ ਮੁਖੀਆਂ ਨੂੰ ਤੰਗ ਕੀਤਾ ਜਾ ਰਿਹਾ ਹੈ। ਇਸ ਮੌਕੇ ਕੁਲਦੀਪ ਸਿੰਘ ਦੌੜਕਾ,ਨਰਿੰਦਰ ਸਿੰਘ ਮਾਖਾ, ਗੁਰਦਾਸ ਸਿੰਘ ਰਾਏਪੁਰ ਨੇ ਵੀ ਸੰਬੋਧਨ ਕੀਤਾ।