ਪੱਤਰ ਪ੍ਰੇਰਕ
ਮਾਨਸਾ, 26 ਜੁਲਾਈ
ਸੀਪੀਆਈ (ਐੱਮਐੱਲ) ਲਬਿਰੇਸ਼ਨ ਨੇ ਕੈਨੇਡਾ ਰਹਿ ਰਹੇ ਵਿਵਾਦਿਤ ਕਵੀ ਸੁਰਜੀਤ ਗੱਗ ਵੱਲੋਂ ਗੁਰੂ ਨਾਨਕ ਦੇਵ ਦੀ ਟੋਪੀ ਵਾਲੀ ਤਸਵੀਰ ਸੋਸ਼ਲ ਮੀਡੀਆ ’ਤੇ ਪਾਉਣ ਦੀ ਨਿੰਦਾ ਕੀਤੀ ਹੈ। ਜਥੇਬੰਦੀ ਨੇ ਕਿਹਾ ਕਿ ਇਹ ਇਕ ਭੜਕਾਊ ਹਰਕਤ ਹੈ। ਲਬਿਰੇਸ਼ਨ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਦੁਨੀਆਂ ਭਰ ਦੀ ਲੋਕਾਈ ਵੱਡਾ ਸਤਿਕਾਰ ਕਰਦੀ ਹੈ। ਉਨ੍ਹਾਂ ਦੀ ਤਸਵੀਰ ਨਾਲ ਅਜਿਹੀ ਛੇੜਛਾੜ ਮੰਦਭਾਗੀ ਹੈ। ਉਨ੍ਹਾਂ ਮੰਗ ਕੀਤੀ ਕਿ ਸੁਰਜੀਤ ਗੱਗ ਨੂੰ ਇਹ ਤਸਵੀਰ ਹਟਾ ਕੇ ਭਾਈਚਾਰੇ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਬਠਿੰਡਾ (ਪੱਤਰ ਪ੍ਰੇਰਕ): ਸੁਰਜੀਤ ਗੱਗ ਵੱਲੋਂ ਗੁਰੂ ਨਾਨਕ ਦੇਵ ਦੀ ਟੋਪੀ ਵਾਲੀ ਤਸਵੀਰ ਸੋਸ਼ਲ ਮੀਡੀਆ ਉਤੇ ਪਾਉਣ ਦੀ ਨਿੰਦਾ ਕਰਦੇ ਹੋਏ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਨੇ ਕਿਹਾ ਕਿ ਇਹ ਇਕ ਭੜਕਾਊ ਹਰਕਤ ਹੈ। ਅਜਿਹੀਆਂ ਹਰਕਤਾਂ ਕਰਕੇ ਉਕਤ ਵਿਅਕਤੀ ਸੰਘ ਤੇ ਭਾਜਪਾ ਦੇ ਮਨਸੂਬਿਆਂ ਦੀ ਹੀ ਸੇਵਾ ਕਰ ਰਿਹਾ ਹੈ। ਮੋਰਚੇ ਦੇ ਆਗੂਆਂ ਬੰਤ ਬਰਾੜ, ਪ੍ਰਗਟ ਸਿੰਘ ਜਾਮਾਰਾਏ, ਅਜਮੇਰ ਸਿੰਘ, ਸੁਖਦਰਸ਼ਨ ਸਿੰਘ ਨੱਤ, ਨਰੈਣ ਦੱਤ ਅਤੇ ਕਿਰਨਜੀਤ ਸਿੰਘ ਸੇਖੋਂ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਜਨਤਾ ਸਾਹਮਣੇ ਨੰਗਾ ਕਰਨਾ ਬਹੁਤ ਜ਼ਰੂਰੀ ਹੈ।