ਪੱਤਰ ਪ੍ਰੇਰਕ
ਬਾਘਾ ਪੁਰਾਣਾ, 24 ਅਗਸਤ
ਸਥਾਨਕ ਸ਼ਹਿਰ ਦੇ ਟੈਂਪੂਆਂ, ਛੋਟੇ ਹਾਥੀਆਂ ਤੇ ਹੋਰਾਂ ਮਨਜ਼ੂਰਸ਼ੁਦਾ ਵਾਹਨਾਂ ਦੀ ਜਥੇਬੰਦੀ ਦੀ ਵਿਸ਼ੇਸ਼ ਇਕੱਤਰਤਾ ਹੋਈ, ਜਿਸ ਵਿਚ ਜੁਗਾੜੂ ਵਾਹਨਾਂ ਦੀ ਵਧਦੀ ਗਿਣਤੀ ਕਾਰਨ ਮਨਜ਼ੂਰਸ਼ੁਦਾ ਵਾਹਨਾਂ ਦੇ ਕਾਰੋਬਾਰ ਨੂੰ ਵੱਜਦੀ ਆਰਥਿਕ ਸੱਟ ਦਾ ਮੁੱਦਾ ਵਿਚਾਰਿਆ ਗਿਆ। ਜਥੇਬੰਦੀ ਦੇ ਆਗੂਆਂ ਬਲਵਿੰਦਰ ਅਰੋੜਾ ਛਿੰਦਾ ਸਿੰਘ, ਦੀਪਾ ਸਿੰਘ, ਲਖਵਿੰਦਰ ਸਿੰਘ ਭੁੱਲਰ ਅਤੇ ਅਮਰੀਕ ਸਿੰਘ ਜੌੜਾ ਨੇ ਇਸ ਗੱਲ ’ਤੇ ਚਿੰਤਾ ਜ਼ਾਹਰ ਕੀਤੀ ਕਿ ਇਸ ਮੁੱਦੇ ਨੂੰ ਹੱਲ ਕਰਨ ਵਾਸਤੇ ਟਰੈਫਿਕ ਪੁਲੀਸ ਗੰਭੀਰਤਾ ਨਹੀਂ ਦਿਖਾ ਰਹੀ। ਆਖ਼ਿਰ ਜਥੇਬੰਦੀ ਨੇ ਇਸ ਮੁੱਦੇ ਸਬੰਧੀ ਧਰਨਾ ਲਾਉਣ ਦੀ ਯੋਜਨਾ ਉਲੀਕ ਲਈ। ਇਹ ਭਿਣਕ ਲਗਦਿਆਂ ਪੁਲੀਸ ਨੇ ਦੋਹਾਂ ਧਿਰਾਂ ਨੂੰ ਬੁਲਾ ਕੇ ਮਸਲਾ ਸੁਲਝਾਉਣ ਦੀ ਚਾਰਾਜੋਈ ਸ਼ੁਰੂ ਕੀਤੀ। ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣ ਕੇ ਉੱਪ ਪੁਲੀਸ ਕਪਤਾਨ ਅਤੇ ਟਰੈਫਿਕ ਵਿੰਗ ਦੇ ਸਹਾਇਕ ਇੰਚਾਰਜ ਗੁਰਪ੍ਰੀਤ ਸਿੰਘ ਨੇ ਜੁਗਾੜੂ ਵਾਹਨਾਂ ਦੇ ਮਾਲਕਾਂ ਦੀ ਰੋਜ਼ੀ ਰੋਟੀ ਨੂੰ ਸੁਰੱਖਿਅਤ ਰੱਖਣ ਅਤੇ ਮਨਜ਼ੂਰਸ਼ੁਦਾ ਵਾਹਨਾਂ ਦੇ ਮਾਲਕਾਂ ਦੇ ਹੱਕਾਂ ਨੂੰ ਮਹਿਫੂਜ਼ ਕਰਨ ਵਾਸਤੇ ਜੁਗਾੜੂ ਵਾਹਨਾਂ ਨੂੰ ਸਿਰਫ਼ ਪੰਜ ਕਿਲੋਮੀਟਰ ਦੇ ਘੇਰੇ ਤੱਕ ਅਤੇ ਪੰਜ ਕੁਇੰਟਲ ਭਾਰ ਢੋਣ ਦਾ ਫ਼ੈਸਲਾ ਕਰਵਾ ਕੇ ਦੋਹਾਂ ਧਿਰਾਂ ਨੂੰ ਸੰਤੁਸ਼ਟ ਕਰਵਾ ਦਿੱਤਾ। ਪੁਲੀਸ ਨੇ ਜੁਗਾੜੂ ਵਾਹਨਾਂ ਦੇ ਮਾਲਕਾਂ ਨੂੰ ਤਾੜਨਾ ਵੀ ਕੀਤੀ ਕਿ ਉਹ ਫ਼ੈਸਲੇ ਦੀਆਂ ਮੱਦਾਂ ਦੀ ਉਲੰਘਣਾ ਨਾ ਕਰਨ।