ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 6 ਸਤੰਬਰ
ਜਿਹੜੇ ਅਧਿਆਪਕਾਂ ਦੇ ਕਰੋਨਾ ਵੈਕਸੀਨ ਤੋਂ ਬਚਾਅ ਦਾ ਟੀਕਾ ਲੱਗਿਆ ਹੈ ਜਾਂ ਕੋਈ ਟੀਕਾ ਵੀ ਨਹੀਂ ਲੱਗਿਆ, ਉਨ੍ਹਾਂ ਅਧਿਆਪਕਾਂ ਨੂੰ ਸਕੂਲਾਂ ਵਿੱਚ ਜਾਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਵੱਲੋਂ ਹੁਕਮ ਜਾਰੀ ਕਰਨ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਵੱਲੋਂ ਸਕੂਲ ਮੁਖੀਆਂ ਨੂੰ ਜ਼ਬਾਨੀ ਹੁਕਮ ਦੇ ਦਿੱਤੇ ਹਨ ਕਿ ਅਜਿਹੇ ਅਧਿਆਪਕਾਂ ਦਾ ਹਾਜ਼ਰੀ ਰਜਿਸਟਰ ਵਿੱਚ ਖਾਨਾ ਖਾਲੀ ਰੱਖਿਆ ਜਾਵੇ। ਇਸ ਕਰ ਕੇ ਸਕੂਲ ਮੁਖੀਆਂ ਵਿਚ ਭਾਰੀ ਪ੍ਰੇਸ਼ਾਨੀ ਪਾਈ ਜਾ ਰਹੀ ਹੈ। ਉਨ੍ਹਾਂ ਨੂੰ ਤੌਖਲਾ ਹੈ ਕਿ ਜੇ ਕਿਸੇ ਟੀਮ ਨੇ ਖਾਲੀ ਖਾਨਿਆਂ ਸਬੰਧੀ ਉਨ੍ਹਾਂ ਤੋਂ ਪੜਤਾਲ ਕੀਤੀ ਤਾਂ ਉਹ ਇਸ ਸਬੰਧੀ ਕੀ ਜਵਾਬ ਦੇਣਗੇ।
ਦੂਜੇ ਪਾਸੇ, ਅਧਿਆਪਕ ਆਗੂ ਪਵਨ ਕੁਮਾਰ ਨੇ ਦੱਸਿਆ ਕਿ ਉਹ ਖਾਲੀ ਖਾਨਿਆਂ ਸਬੰਧੀ ਡੀਸੀ ਨੂੰ ਪਹਿਲਾਂ ਵੀ ਮੰਗ ਪੱਤਰ ਦੇ ਚੁੱਕੇ ਹਨ ਕਿ ਅਜਿਹੇ ਅਧਿਆਪਕਾਂ ਦੀ ਹਾਜ਼ਰੀ ਜਾਂ ਗ਼ੈਰਹਾਜ਼ਰੀ ਸਬੰਧੀ ਜਾਂ ਘਰ ਤੋਂ ਕੰਮ ਕਰਨ ਸਬੰਧੀ ਸਥਿਤੀ ਸਪਸ਼ਟ ਕੀਤੀ ਜਾਵੇ, ਪਰ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਨੇ ਦੱਸਿਆ ਕਿ ਮੁਕੰਮਲ ਵੈਕਸੀਨ ਨਾ ਲਵਾਉਣ ਵਾਲੇ ਅਧਿਆਪਕਾਂ ਦੇ ਹਾਲ ਦੀ ਘੜੀ ਹਾਜ਼ਰੀ ਖਾਨੇ ਖਾਲੀ ਰੱਖੇ ਜਾ ਰਹੇ ਹਨ ਤੇ ਜਲਦੀ ਹੀ ਕੋਈ ਫ਼ੈਸਲਾ ਲਿਆ ਜਾਵੇਗਾ। ਇਸ ਦੌਰਾਨ ਸਕੂਲ ਮੁਖੀਆਂ ਤੇ ਅਧਿਆਪਕਾਂ ਨੇ ਮੰਗ ਕੀਤੀ ਹੈ ਕਿ ਹਾਜ਼ਰੀ ਸਬੰਧੀ ਸਥਿਤੀ ਸਪਸ਼ਟ ਕੀਤੀ ਜਾਵੇ, ਕੁਝ ਸਕੂਲ ਮੁਖੀਆਂ ਨੇ ਅੱਜ ਹਾਜ਼ਰੀ ਖਾਨਾ ਖਾਲਾ ਛੱਡਣ ਤੋਂ ਵੀ ਨਾਂਹ ਕਰ ਦਿੱਤੀ।