ਪਰਮਜੀਤ ਸਿੰਘ
ਫਾਜ਼ਿਲਕਾ, 25 ਜਨਵਰੀ
ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਦਾ ਅੱਜ ਪਹਿਲਾ ਦਿਨ ਸੀ ਅਤੇ ਅਜੇ ਤੱਕ ਵੀ ਵਿਧਾਨ ਸਭਾ ਹਲਕਾ ਫਾਜ਼ਿਲਕਾ ਤੋਂ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਇਸ ਕਰਕੇ ਕਾਂਗਰਸ ਪਾਰਟੀ ਦੀ ਚੋਣ ਮੁਹਿੰਮ ਪਛੜੀ ਹੋਈ ਨਜ਼ਰ ਆ ਰਹੀ ਹੈ। ਫ਼ਾਜ਼ਿਲਕਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰੀ ਲਈ ਅੱਧੀ ਦਰਜਨ ਦੇ ਕਰੀਬ ਇਥੋਂ ਦੇ ਕਾਂਗਰਸੀ ਆਗੂਆਂ ਵੱਲੋਂ ਕਾਂਗਰਸ ਹਾਈਕਮਾਨ ਨੂੰ ਆਪਣੀ ਦਾਅਵੇਦਾਰੀ ਪੇਸ਼ ਕੀਤੀ ਗਈ ਹੈ। ਮੌਜੂਦਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਪ੍ਰਤੀ ਕਈ ਤਰ੍ਹਾਂ ਦੀਆਂ ਪੋਸਟਾਂ ਪਾ ਕੇ ਗਲਤ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਕਾਂਗਰਸ ਦੇ ਪ੍ਰਧਾਨ ਰੰਜਮ ਕਾਮਰਾ ਵੱਲੋਂ ਦਾਅਵਾ ਜਤਾਇਆ ਜਾ ਰਿਹਾ ਹੈ ਕਿ ਇਸ ਵਾਰ ਉਹੀ ਫਾਜ਼ਿਲਕਾ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜਨਗੇ। ਰਾਏ ਸਿੱਖ ਬਰਾਦਰੀ ਨਾਲ ਸਬੰਧ ਰੱਖਣ ਵਾਲੇ ਫ਼ਾਜ਼ਿਲਕਾ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਕੌਸ਼ਲ ਬੂਕ ਵੀ ਉਮੀਦਵਾਰੀ ਦੀ ਕਤਾਰ ਵਿੱਚ ਲੱਗੇ ਹੋਏ ਹਨ। ਫਾਜ਼ਿਲਕਾ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਫੇਰੀ ਮੌਕੇ ਵਿਧਾਇਕ ਘੁਬਾਇਆ ਦਾ ਵਿਰੋਧ ਵੀ ਕੀਤਾ ਗਿਆ ਸੀ । ਰਾਏ ਸਿੱਖ ਬਰਾਦਰੀ ਦੇ ਆਗੂ ਡਾ. ਸਤਨਾਮ ਸਿੰਘ ਵੀ ਫਾਜ਼ਿਲਕਾ ਤੋਂ ਕਾਂਗਰਸੀ ਉਮੀਦਵਾਰੀ ਲਈ ਦਾਅਵੇਦਾਰ ਹਨ। ਇਸ ਤੋਂ ਇਲਾਵਾ ਵੀ ਕੁਝ ਹੋਰ ਕਾਂਗਰਸੀ ਆਗੂਆਂ ਵੱਲੋਂ ਟਿਕਟ ਲੈਣ ਲਈ ਆਪਣੀ ਅਰਜ਼ੀ ਦਾਖ਼ਲ ਕੀਤੀ ਹੋਈ ਹੈ। ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰਪਾਲ ਸਿੰਘ ਸਭਨਾਂ ਨੇ ਆਪਣੀ ਚੋਣ ਮੁਹਿੰਮ ਨੂੰ ਸਭ ਨਾਲੋਂ ਵੱਧ ਭਖਾ ਦਿੱਤਾ ਹੈ। ਅਕਾਲੀ ਦਲ ਦੇ ਉਮੀਦਵਾਰ ਹੰਸਰਾਜ ਜੋਸਨ ਵੀ ਆਪਣੀ ਚਾਲ ਚੱਲੇ ਹੋਏ ਹਨ ਦੂਜੇ ਪਾਸੇ ਭਾਜਪਾ ਉਮੀਦਵਾਰ ਸੁਰਜੀਤ ਕੁਮਾਰ ਜਿਆਨੀ ਵੀ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਚੁੱਕੇ ਹਨ, ਪਰ ਕਾਂਗਰਸੀ ਵਿਧਾਇਕ ਦਵਿੰਦਰ ਘੁਬਾਇਆ ਵਿਕਾਸ ਦੇ ਨਾਂ ’ਤੇ ਚੋਣ ਰੈਲੀਆਂ ਤਾਂ ਕਰ ਰਹੇ ਹਨ ਪਰ ਉਹ ਇਸ ਭੰਬਲਭੂਸੇ ਵਿੱਚ ਹਨ ਕਿ ਉਸ ਨੂੰ ਟਿਕਟ ਮਿਲੇਗੀ ਜਾਂ ਨਹੀਂ।
ਉਮੀਦਵਾਰਾਂ ਦਾ ਐਲਾਨ ਨਾ ਹੋਣ ਕਾਰਨ ਅਫ਼ਵਾਹਾਂ ਦਾ ਬਾਜ਼ਾਰ ਗਰਮ
ਧਨੌਲਾ (ਪੁਨੀਤ ਸ਼ਰਮਾ): ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅਮਲ ਅੱਜ ਤੋਂ ਸ਼ੁਰੂ ਹੋਣ ਦੇ ਬਾਵਜੂਦ ਸੱਤਾਧਾਰੀ ਕਾਂਗਰਸ ਪਾਰਟੀ ਵੱਲੋਂ 31 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ। ਇਸ ਵਿੱਚ ਜ਼ਿਲ੍ਹਾ ਬਰਨਾਲਾ ਦੇ ਤਿੰਨੇ ਹਲਕੇ ਵੀ ਬਾਕੀ ਹਨ। ਜਿੱਥੇ ਸ਼੍ਰੋਮਣੀ ਅਕਾਲੀ ਦਲ (ਬ), ‘ਆਪ’, ਲੋਕ ਕਾਂਗਰਸ ਪਾਰਟੀ, ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਕਾਂਗਰਸੀਆਂ ਵੱਲੋਂ ਬਿਨਾਂ ਉਮੀਦਵਾਰ ਮੱਠਾ ਪ੍ਰਚਾਰ ਕਰ ਪਾਰਟੀ ਦੇ ਨਾਂ ’ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ। 2007 ਅਤੇ 2012 ਦੌਰਾਨ ਕਾਂਗਰਸ ਪਾਰਟੀ ਵੱਲੋਂ ਦੋ ਵਾਰ ਵਿਧਾਇਕ ਰਹੇ ਕੇਵਲ ਢਿੱਲੋਂ ਬਰਨਾਲਾ ਸੀਟ ’ਤੇ ਅਸਰ ਰਸੂਖ ਰੱਖ ਰਹੇ ਹਨ। ਬੀਤੇ ਕੁਝ ਕੁ ਦਿਨਾਂ ਤੋਂ ਸੋਸ਼ਲ ਮੀਡੀਆ ਰਾਹੀਂ ਜ਼ਿਲ੍ਹੇ ਵਿੱਚ ਸਰਗਰਮ ਹੋਏ ਸਾਬਕਾ ਕੇਂਦਰੀ ਰੇਲ ਮੰਤਰੀ ਪਵਨ ਬਾਂਸਲ ਦੇ ਫਰਜ਼ੰਦ ਮਨੀਸ਼ ਬਾਂਸਲ ਨੂੰ ਟਿਕਟ ਮਿਲਣ ਦੀ ਚਰਚਾ ਨੇ ਮਾਹੌਲ ਭਖਾ ਦਿੱਤਾ ਹੈ। ਦੂਜੇ ਪਾਸੇ ਹਲਕਾ ਮਹਿਲ ਕਲਾਂ(ਰਿਜ਼ਰਵ) ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਚੋਣ ਲੜਨ ਦੀਆਂ ਅੱਜ ਵੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਪਰ ਸਾਬਕਾ ਵਿਧਾਇਕ ਹਰਚੰਦ ਘਨੋਰੀ ਵੀ ਮੋਹਰੀ ਆਗੂ ਵਜੋਂ ਹਲਕੇ ਵਿੱਚ ਵਿਚਰ ਰਹੇ ਹਨ। ਲੰਮੇ ਸਮੇਂ ਤੋਂ ਹਲਕਾ ਭਦੌੜ (ਰਿਜ਼ਰਵ) ਵਿੱਚ ਕੋਈ ਮੋਢੀ ਨਾ ਹੋਣ ਕਾਰਨ ਹਲਕਾ ਲਾਵਾਰਿਸ ਚੱਲ ਰਿਹਾ ਹੈ। ਜ਼ਿਲ੍ਹੇ ਦੇ ਲੋਕਾਂ ਦੀ ਅੱਖ ਬਰਨਾਲਾ ਸੀਟ ’ਤੇ ਬੇਸਬਰੀ ਨਾਲ ਟਿਕੀ ਹੋਈ ਹੈ ਅਤੇ ਵੱਖ-ਵੱਖ ਚਰਚਾਵਾਂ ਕਾਰਨ ਬਜ਼ਾਰ ਗਰਮ ਹੈ। ਉੱਧਰ ਭਾਜਪਾ ਵੱਲੋਂ ਵੀ ਹਾਲੇ ਤੱਕ ਆਪਣੇ ਪੂਰੇ ਪੱਤੇ ਨਹੀਂ ਖੋਲ੍ਹੇ ਗਏ ਹਨ।