ਪੱਤਰ ਪ੍ਰੇਰਕ
ਮਾਨਸਾ, 26 ਸਤੰਬਰ
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੋਲ ਮਾਨਸਾ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਨੇ ਚਿਰਾਂ ਤੋਂ ਲਟਕੇ ਪਏ ਸ਼ਹਿਰ ਦੇ ਮੁੱਖ ਮਸਲਿਆਂ ਦਾ ਰੋਣਾ ਰੋਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 5 ਸਾਲ ਕਾਂਗਰਸ ਅਤੇ ਹੁਣ ਛੇ ਮਹੀਨਿਆਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਤਕਲੀਫ਼ਾਂ ਲਈ ਘੋਗੜ ਬਣੀ ਪਈ ਹੈ। ਇਸ ਤੋਂ ਪਹਿਲਾਂ ਸ਼ਹਿਰ ਦੀਆਂ ਸੰਸਥਾਵਾਂ ਨੇ ਉਨ੍ਹਾਂ ਮੰਗ ਪੱਤਰ ਦਿੱਤੇ।
ਸ਼ਹਿਰ ਵਾਸੀਆਂ ਨੇ ਨਵੀਂ ਸ਼ੁਰੂ ਕੀਤੀ ਗਈ ਐਸਐਫ ਐਕਸਪ੍ਰੈਸ ਗੱਡੀ ਨੰਬਰ 20409 ਅਤੇ 20410 ਦੇ ਮਾਨਸਾ ਵਿੱਚ ਪੱਕੇ ਠਹਿਰਾਅ ਦੀ ਮੰਗ ਕੀਤੀ ਗਈ। ਵੁਆਇਸ ਆਫ਼ ਮਾਨਸਾ ਸੰਸਥਾ ਵੱਲੋਂ ਪ੍ਰਧਾਨ ਡਾ. ਜਨਕ ਰਾਜ ਨੇ ਹਰਸਿਮਰਤ ਬਾਦਲ ਨੂੰ ਰੇਲਵੇ ਨਾਲ ਸਬੰਧਤ ਮੰਗਾਂ ਦੀ ਜਾਣਕਾਰੀ ਦਿੱਤੀ। ਰੇਲਵੇ ਸੰਘਰਸ਼ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਐੱਮਸੀ ਜਤਿੰਦਰ ਆਗਰਾ ਨੇ ਮਾਨਸਾ ਵਿੱਚੋਂ ਲੋਡਿੰਗ-ਅਣਲੋਡਿੰਗ ਦੀ ਪਲੇਟੀ ਦੀ ਜਗ੍ਹਾ ਤਬਦੀਲ ਕਰਨ ਨਾਲ ਕੋਵਿਡ ਕਰਕੇ ਬੰਦ ਕੀਤੀਆਂ ਗਈਆਂ ਟਰੇਨਾਂ ਦੁਬਾਰਾ ਚਲਾਉਣ, ਰੇਲਵੇ ਸਟੇਸ਼ਨ ਉਪਰ ਕੰਟੀਨ ਦੀ ਸਹੂਲਤ ਸਮੇਤ ਫੁੱਟ ਓਵਰਬ੍ਰਿਜ ਦੀ ਵੀ ਮੰਗ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਬਾਦਲ ਨੇ ਸਾਰੀਆਂ ਮੰਗਾਂ ’ਤੇ ਜਲਦੀ ਵਿਚਾਰ ਕਰ ਕੇ ਉਨ੍ਹਾਂ ਦੇ ਪੂਰਨ ਤੱਥ ਇਕੱਠੇ ਕਰ ਕੇ ਜਲਦੀ ਰੇਲਵੇ ਮੰਤਰੀ ਨੂੰ ਮਿਲਕੇ ਸਾਰੇ ਮਸਲੇ ਹੱਲ ਕਰਾਉਣ ਦਾ ਭਰੋਸਾ ਦਿੱਤਾ।