ਰਾਜਿੰਦਰ ਕੁਮਾਰ
ਬੱਲੂਆਣਾ (ਅਬੋਹਰ), 2 ਨਵੰਬਰ
ਕੇਂਦਰ ਸਰਕਾਰ ਵੱਲੋਂ ਲਏ ਗਏ ਕਿਸਾਨ ਵਿਰੋਧੀ ਫ਼ੈਸਲੇ ਅਤੇ ਪੰਜਾਬ ਦੇ ਹਿੱਸੇ ਦਾ 1100 ਕਰੋੜ ਰੁਪਿਆ ਆਰਡੀਐੱਫ ਨਾ ਮੁੜਨ ਦੇ ਮੁੱਦੇ ’ਤੇ ਅੱਜ ਕਾਂਗਰਸ ਨੇ ਪਾਰਟੀ ਦੇ ਸੂਬਾ ਪ੍ਰਧਾਨ ਚੌਧਰੀ ਸੁਨੀਲ ਕੁਮਾਰ ਜਾਖੜ ਦੇ ਜੱਦੀ ਪਿੰਡ ਮੌਜਗੜ੍ਹ ਤੋਂ ਕੇਂਦਰ ਨੂੰ ਲਲਕਾਰਿਆ ਗਿਆ ਹੈ। ਸੁਨੀਲ ਜਾਖੜ ਦੇ ਭਤੀਜੇ ਅਤੇ ਹਲਕਾ ਅਬੋਹਰ ਦੇ ਇੰਚਾਰਜ ਸੰਦੀਪ ਕੁਮਾਰ ਜਾਖੜ ਨੇ ਅੱਜ ਪਿੰਡ ਵਿੱਚ ਕਿਸਾਨਾਂ ਦਾ ਵੱਡਾ ਇਕੱਠ ਕਰਕੇ ਪਹਿਲਾਂ ਤਾਂ ਕੇਂਦਰ ਦੀਆਂ ਨੀਤੀਆਂ ਦੇ ਖ਼ਿਲਾਫ਼ ਸਹੁੰ ਚੁਕਾਈ ਉਸ ਤੋਂ ਬਾਅਦ ਸੰਘਰਸ਼ ਵਿੱਢਣ ਫੈਸਲਾ ਕੀਤਾ। ਇਸ ਮੌਕੇ ਸੰਦੀਪ ਜਾਖੜ ਨੇ ਕਿਸਾਨਾਂ ਦੇ ਵੱਡੇ ਇਕੱਠ ਨੂੰ ਸਹੁੰ ਚੁਕਵਾਈ ਅਤੇ ਕਿਹਾ ਕਿ ਪੰਜਾਬ ਦਾ ਕਿਸਾਨ ਕੇਂਦਰ ਦੇ ਖੇਤੀ ਬਿੱਲਾਂ ਦਾ ਵਿਰੋਧ ਕਰਦਾ ਸੀ ਹੈ ਅਤੇ ਰਹੇਗਾ। ਕੇਂਦਰ ਵੱਲੋਂ ਪੰਜਾਬ ਨੂੰ ਬਣਦੇ ਆਰਡੀਐੱਫ ਦਾ ਗਿਆਰਾਂ ਸੌ ਕਰੋੜ ਰੁਪਇਆ ਨਾ ਮੋੜਨ ’ਤੇ ਬੋਲਦਿਆਂ ਸੰਦੀਪ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਅੰਨ ਭੰਡਾਰਾਂ ਦੇ ਮੂੰਹ ਖੋਲ੍ਹ ਦਿੱਤੇ ਬਦਲੇ ਵਿੱਚ ਕੇਂਦਰ ਪੰਜਾਬ ਨੂੰ ਦੇਣ ਦੀ ਬਜਾਏ ਪੰਜਾਬ ਦੇ ਹੱਕ ਖੋਹ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਜ਼ਿੱਦ ਕਰਕੇ ਪੰਜਾਬ ਵਿੱਚ ਰੇਲ ਸੇਵਾਵਾਂ ਚਾਲੂ ਨਹੀਂ ਕੀਤੀਆਂ ਜਾ ਰਹੀਆਂ ਜੇ ਅਜਿਹਾ ਹੋ ਰਿਹਾ ਤਾਂ ਦਸ ਦਿਨਾਂ ਵਿੱਚ ਬਿਜਲੀ ਅਤੇ ਖਾਦ ਦੇ ਮੁੱਦੇ ਤੇ ਲੋਕ ਸੜਕਾਂ ਤੇ ਆ ਜਾਣਗੇ। ਇਸ ਮੌਕੇ ਜਾਖੜ ਨੇ ਹਲਕੇ ਦੇ ਚਾਲੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਦੋ ਕਰੋੜ ਸਤਾਸੀ ਲੱਖ ਰੁਪਏ ਦੇ ਚੈੱਕ ਵਿਕਾਸ ਦੇ ਕੰਮਾਂ ਲਈ ਜਾਰੀ ਕੀਤੇ।