ਪੱਤਰ ਪ੍ਰੇਰਕ
ਲੰਬੀ, 8 ਸਤੰਬਰ
ਹਾਕੂਵਾਲਾ ਵਿੱਚ ਕਾਂਗਰਸ ਆਗੂ ਗੁਰਦੀਪ ਸਿੰਘ ਵੱਲੋਂ ਹਜ਼ਾਰਾਂ ਰੁਪਏ ਦੀ ਲੈਣਦਾਰੀ ਬਦਲੇ ਕਥਿਤ ਪਿਸਤੌਲ ਦੀ ਨੋਕ ’ਤੇ ਖੇਤ ਮਜ਼ਦੂਰ ਗੋਰਾ ਸਿੰਘ ਦੇ ਘਰੋਂ ਜ਼ਬਰੀ ਮੱਝ ਅਤੇ ਮੋਬਾਈਲ ਲਿਜਾਣ ਦਾ ਵਿਵਾਦ ਅੱਜ 30 ਹਜ਼ਾਰ ਰੁਪਏ ’ਚ ਨਿੱਬੜ ਗਿਆ। ਖੇਤ ਮਜ਼ਦੂਰ ਗੋਰਾ ਸਿੰਘ ਨੇ ਕਿਹਾ ਕਿ ਉਹ ਗੁਰਦੀਪ ਸਿੰਘ ਕੋਲ 1 ਜੂਨ ਤੋਂ 90 ਹਜ਼ਾਰ ’ਚ ਸੀਰੀ ਰਲਿਆ ਸੀ। ਉਸ ਨੇ ਤੀਹ ਹਜ਼ਾਰ ਰੁਪਏ ਅਡਵਾਂਸ ਲਏ ਸਨ। ਗੋਰਾ ਨੇ ਦੋਸ਼ ਲਗਾਇਆ ਕਿ ਬੀਤੇ ਦਿਨੀਂ ਗੁਰਦੀਪ ਸਿੰਘ, ਉਸ ਦਾ ਲੜਕਾ ਅਨਮੋਲ ਅਤੇ ਹੋਰ ਕਈ ਜਣੇ ਸਮੇਤ ਪਿਸਤੌਲ ਅਤੇ ਹੋਰ ਹਥਿਆਰਾਂ ਸਮੇਤ ਉਸਦੇ ਘਰ ਆਏ। ਜ਼ਬਰਦਸਤੀ ਉਸ ਦੀ ਮੱਝ ਖੋਲ੍ਹ ਲਈ ਅਤੇ ਦਸ ਹਜ਼ਾਰ ਰੁਪਏ ਦਾ ਮੋਬਾਈਲ ਲੈ ਗਏ ਸਨ। ਇਸ ਮਗਰੋਂ ਖੇਤ ਮਜ਼ਦੂਰ ਭਾਈਚਾਰਾ ਇਕਜੁੱਟ ਹੋ ਗਿਆ ਸੀ ਅਤੇ ਕਾਂਗਰਸ ਆਗੂ ਖਿਲਾਫ਼ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ। ਦੂਜੇ ਪਾਸੇ ਗੁਰਦੀਪ ਸਿੰਘ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਉਸ ਦੇ ਤਿੰਨੇ ਅਸਲੇ ਮਲੋਟ ਵਿਖੇ ਅਸਲਾ ਡੀਲਰ ਕੋਲ ਜਮ੍ਹਾਂ ਪਏ ਹਨ। ਸੀਰੀ ਗੋਰਾ ਸਿੰਘ ਨੇ ਪੈਸੇ ਨਾ ਦੇ ਸਕਣ ਦੇ ਬਦਲੇ ਉਸ ਨੂੰ ਮੱਝ ਅਤੇ ਮੋਬਾਈਲ ਖੁਦ ਸੌਂਪਿਆ ਸੀ। ਲੰਬੀ ਥਾਣਾ ਦੇ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਦੋਵੇਂ ਧਿਰਾਂ ’ਚ ਹਿਸਾਬ ’ਚ ਤੀਹ ਹਜ਼ਾਰ ਬਕਾਇਆ ਨਿਕਲਣ ’ਤੇ ਪੰਜ-ਪੰਜ ਹਜ਼ਾਰ ਕਿਸ਼ਤਾਂ ਕਰਵਾ ਕੇ ਮਾਮਲਾ ਹੱਲ ਕਰ ਦਿੱਤਾ।