ਮਲਕੀਤ ਸਿੰਘ
ਜਲਾਲਾਬਾਦ, 26 ਨਵੰਬਰ
ਇਲਾਕੇ ’ਚ ਕਾਂਗਰਸੀ ਆਗੂਆਂ ਵਿਚਾਲੇ ਚੱਲ ਰਹੇ ਖਿੱਚੋਤਾਣ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੀ ਹੈ। ਵੀਰਵਾਰ ਦੀ ਸ਼ਾਮ ਨੂੰ ਸਥਾਨਕ ਵਾਰਡ ਨੰਬਰ ਪੰਦਰਾਂ ਦੀ ਮਹਿਲਾ ਕੌਂਸਲਰ ਦੇ ਪਤੀ ਹਰੀਸ਼ ਸੇਤੀਆ ਨੇ ਪ੍ਰੈੱਸ ਕਾਨਫਰੰਸ ਕਰ ਕੇ ਨਗਰ ਕੌਂਸਲ ਵਿੱਚ ਭ੍ਰਿਸ਼ਟਾਚਾਰ ਦੀਆਂ ਪੋਲਾਂ ਖੋਲ੍ਹੀਆਂ ਅਤੇ ਇਸ ਲਈ ਨਗਰ ਕੌਂਸਲ ਅਧਿਕਾਰੀਆਂ ਅਤੇ ਵਿਧਾਇਕ ਵੱਲੋਂ ਨਗਰ ਕੌਂਸਲ ਵਿੱਚ ਬਿਠਾਏ ਗਏ ਸ਼ਾਸਕ ਬੂੜ ਚੰਦ ਬਿੰਦਰਾ ਉਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ। ਉਧਰ ਕੌਂਸਲਰ ਦੇ ਪਤੀ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਬੂੜ ਚੰਦ ਬਿੰਦਰਾ ਦੇ ਇਕ ਸਾਥੀ ਨੇ ਅੱਜ ਸਵੇਰੇ ਸੋਸ਼ਲ ਗਰੁੱਪ ਵਿਚ ਮਹਿਲਾ ਕੌਂਸਲਰ ਦੇ ਪਤੀ ਅਤੇ ਬੂੜ ਚੰਦ ਬਿੰਦਰਾ ਵਿਚਾਲੇ ਹੋ ਰਹੀ ਟੈਂਡਰਾਂ ਦੀ ਸੈਟਿੰਗ ਦੀ ਰਿਕਾਰਡਿੰਗ ਪਾ ਕੇ ਮਹਿਲਾ ਕੌਂਸਲਰ ਦੇ ਪਤੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਕੁਝ ਸੀਨੀਅਰ ਕਾਂਗਰਸੀਆਂ ਦੇ ਸਮਝਾਉਣ ਉੱਤੇ ਸੋਸ਼ਲ ਮੀਡੀਆ ਗਰੁੱਪ ਵਿਚ ਬਹਿਸ ਅਖ਼ੀਰ ਖ਼ਤਮ ਹੋਈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਵਿਧਾਇਕ ਰਮਿੰਦਰ ਸਿੰਘ ਆਵਲਾ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਮੁੱਦੇ ਉਤੇ ਪ੍ਰੈੱਸ ਕਾਨਫਰੰਸ ਕਰਕੇ ਲੋਕਾਂ ਦੇ ਸ਼ੰਕੇ ਦੂਰ ਕਰਨ ਅਤੇ ਜੋ ਵੀ ਭ੍ਰਿਸ਼ਟਾਚਾਰ ਦੇ ਮਸਲੇ ਵਿਚ ਦੋਸ਼ੀ ਹਨ ਉਨ੍ਹਾਂ ਨੂੰ ਸਜ਼ਾ ਦੇ ਕੇ ਪਾਰਟੀ ਵਿੱਚੋਂ ਬਾਹਰ ਕੱਢਿਆ ਜਾਵੇ।