ਫ਼ਰੀਦਕੋਟ (ਨਿੱਜੀ ਪੱਤਰ ਪ੍ਰੇ਼ਰਕ): ਸਾਦਿਕ ਪੁਲੀਸ ਨੇ ਫਰੀਦਕੋਟ ਦੇ ਪਿੰਡ ਅਹਿਲ ਦੇ ਕਾਂਗਰਸੀ ਸਰਪੰਚ ਖ਼ਿਲਾਫ਼ ਨਸ਼ਾ ਤਸਕਰੀ ਕਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ। ਸੂਚਨਾ ਅਨੁਸਾਰ ਸਾਦਿਕ ਪੁਲੀਸ ਨੇ ਕੁਝ ਦਿਨ ਪਹਿਲਾਂ ਮਿੰਟੂ ਸਿੰਘ ਨਾਮ ਦੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਕਾਂਗਰਸੀ ਸਰਪੰਚ ਜਗਮੀਤ ਸਿੰਘ ਦੇ ਘਰ ਸੀਰੀ ਲੱਗਾ ਹੋਇਆ ਸੀ ਪੁਲੀਸ ਨੇ ਇਸ ਵਿਅਕਤੀ ਕੋਲੋਂ ਪੰਜ ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਪੜਤਾਲ ਦੌਰਾਨ ਮਿੰਟੂ ਸਿੰਘ ਨੇ ਦੱਸਿਆ ਕਿ ਉਹ ਹੈਰੋਇਨ ਸਰਪੰਚ ਜਗਮੀਤ ਸਿੰਘ ਦੇ ਕਹਿਣ ’ਤੇ ਲੈ ਕੇ ਆਉਂਦਾ ਸੀ ਅਤੇ ਉਸ ਨੂੰ ਲਿਆ ਕੇ ਦਿੰਦਾ ਸੀ। ਪੁਲੀਸ ਵੱਲੋਂ ਦਰਜ ਕੀਤੇ ਗਏ ਕੇਸ ਅਨੁਸਾਰ ਸਰਪੰਚ ਜਗਮੀਤ ਸਿੰਘ ਗੁਰੂ ਹਰਸਹਾਏ ਦੇ ਆਸ-ਪਾਸ ਨਸ਼ਾ ਤਸਕਰੀ ਕਰਨ ਵਾਲੇ ਵਿਅਕਤੀਆਂ ਨੂੰ ਨਿੱਜੀ ਤੌਰ ’ਤੇ ਜਾਣਦਾ ਸੀ ਅਤੇ ਖ਼ੁਦ ਜਾਂ ਆਪਣੇ ਸੀਰੀ ਰਾਹੀਂ ਇਨ੍ਹਾਂ ਨਸ਼ਾ ਤਸਕਰਾਂ ਤੋਂ ਹੈਰੋਇਨ ਖਰੀਦਦਾ ਸੀ। ਹਾਲਾਂਕਿ ਪੁਲੀਸ ਇਸ ਮਾਮਲੇ ਵਿੱਚ ਅਜੇ ਤਕ ਕਾਂਗਰਸੀ ਸਰਪੰਚ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹਾਲਾਂਕਿ ਕਾਂਗਰਸੀ ਸਰਪੰਚ ਜਗਮੀਤ ਸਿੰਘ ਨੇ ਆਪਣੇ ਉੱਪਰ ਨਸ਼ਾ ਤਸਕਰੀ ਦੇ ਲੱਗੇ ਦੋਸ਼ਾਂ ਨੂੰ ਗ਼ਲਤ ਦੱਸਦਿਆਂ ਕਿਹਾ ਕਿ ਉਸ ਨੂੰ ਸਿਆਸੀ ਰੰਜਿਸ਼ ਕਰਕੇ ਫਸਾਇਆ ਜਾ ਰਿਹਾ ਹੈੈ।