ਜਸਵੰਤ ਸਿੰਘ ਥਿੰਦ
ਮਮਦੋਟ, 17 ਫਰਵਰੀ
14 ਫਰਵਰੀ ਨੂੰ ਮਮਦੋਟ ਨਗਰ ਪੰਚਾਇਤ ਦੇ ਨੌਂ ਵਾਰਡਾਂ ਦੀਆਂ ਹੋਈਆਂ ਚੋਣਾਂ ਦੇ ਨਤੀਜੇ ਅੱਜ ਐਲਾਨੇ ਗਏ। ਇਨ੍ਹਾਂ ਨਤੀਜਿਆਂ ਵਿੱਚ ਨੌਂ ਵਾਰਡਾਂ ਦੇ ਉਮੀਦਵਾਰਾਂ ਵਿੱਚੋਂ ਕਾਂਗਰਸ ਪਾਰਟੀ ਨਾਲ ਸਬੰਧਤ ਪੰਜ ਉਮੀਦਵਾਰ ਜੇਤੂ ਰਹੇ ਜਦੋਂਕਿ ਬਾਕੀ ਚਾਰ ਸੀਟਾਂ ਵਿੱਚੋਂ ਦੋ ਸੀਟਾਂ ’ਤੇ ਅਕਾਲੀ ਦਲ ਅਤੇ ਦੋ ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ। ਕਾਂਗਰਸ ਪਾਰਟੀ ਵੱਲੋਂ ਵਾਰਡ ਨੰਬਰ 1 ਤੋਂ ਮਨਦੀਪ ਕੌਰ, ਵਾਰਡ ਨੰਬਰ-2 ਤੋਂ ਸੁਖਜੀਤ ਕੌਰ, ਵਾਰਡ ਨੰਬਰ 3 ਤੋਂ ਸੁਖਵਿੰਦਰ ਕੌਰ, ਵਾਰਡ ਨੰਬਰ-4 ਤੋਂ ਹਰਪਾਲ ਸਿੰਘ ਨੀਟਾ ਸੋਢੀ, ਵਾਰਡ ਨੰਬਰ-5 ਤੋਂ ਅਨੁਰਾਧਾ ਰਾਣੀ, ਵਾਰਡ ਨੰਬਰ-6 ਤੋਂ ਕਿੱਕਰ ਸਿੰਘ, ਵਾਰਡ ਨੰਬਰ 7 ਤੋਂ ਐਲਿਸ, ਵਾਰਡ ਨੰਬਰ 8 ਤੋਂ ਹਰਪ੍ਰੀਤ ਸਿੰਘ, ਵਾਰਡ ਨੰਬਰ 9 ਤੋਂ ਕੁਲਜੀਤ ਕੌਰ ਧਵਨ, ਵਾਰਡ ਨੰਬਰ 10 ਤੋਂ ਪ੍ਰੇਮ ਸਿੰਘ, ਵਾਰਡ ਨੰਬਰ-11 ਤੋਂ ਰਾਜਬੀਰ ਕੌਰ, ਵਾਰਡ ਨੰਬਰ 12 ਤੋਂ ਮਹਿੰਦਰ ਸਿੰਘ ਅਤੇ ਵਾਰਡ ਨੰਬਰ 13 ਤੋਂ ਬਾਜਾ ਸਿੰਘ ਐਲਾਨੇ ਗਏ ਸਨ ਜਿਨ੍ਹਾਂ ਵਿੱਚੋਂ ਵਾਰਡ ਨੰਬਰ 4, 6, 8 ਅਤੇ 12 ਦੇ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਵਾਰਡ ਨੰਬਰ 6 ਤੋਂ ਅਕਾਲੀ ਦਲ ਦੇ ਉਮੀਦਵਾਰ ਸੁਰਿੰਦਰ ਸੋਨੂੰ ਸੇਠੀ ਤੇ ਵਾਰਡ ਨੰਬਰ 12 ਤੋਂ ਬਲਵਿੰਦਰ ਸਿੰਘ ਭਲਵਾਨ ਜੇਤੂ ਰਹੇ। ਆਜ਼ਾਦ ਉਮੀਦਵਾਰ ਵਜੋਂ ਵਾਰਡ ਨੰਬਰ 4 ਤੋਂ ਦਲਜੀਤ ਸਿੰਘ ਬਾਬਾ ਅਤੇ ਵਾਰਡ ਨੰਬਰ 8 ਤੋਂ ਬਿੰਦਰਜੀਤ ਸਿੰਧੀ ਜੇਤੂ ਰਹੇ।
ਨਗਰ ਪੰਚਾਇਤ ਕੋਠਾ ਗੁਰੂ ’ਚ ਕਾਂਗਰਸ ਨੇ ਹੂੰਝਾ ਫੇਰਿਆ
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਨਗਰ ਪੰਚਾਇਤ ਚੋਣਾਂ ਦੌਰਾਨ ਬਲਾਕ ਭਗਤਾ ਭਾਈ ਦੇ ਵੱਡੇ ਪਿੰਡ ਕੋਠਾ ਗੁਰੂ ਵਿੱਚ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਬੇਹੱਦ ਸ਼ਾਨਦਾਰ ਰਹੀ। ਇਥੋਂ ਦੀ 11 ਮੈਂਬਰੀ ਨਗਰ ਪੰਚਾਇਤ ਦੀ ਚੋਣ ਵਿਚ ਸੱਤਾਧਾਰੀ ਕਾਂਗਰਸ ਪਾਰਟੀ ਨੇ ਸਾਰੇ 11 ਵਾਰਡਾਂ ਵਿਚ ਜਿੱਤ ਪ੍ਰਾਪਤ ਕੀਤੀ ਹੈ। ਇਥੇ ਸੱਤ ਵਾਰਡਾਂ ਵਿਚ ਵੋਟਿੰਗ ਹੋਈ ਸੀ ਜਿਸ ਦੇ ਅੱਜ ਆਏ ਨਤੀਜਿਆਂ ਦੌਰਾਨ ਵਾਰਡ ਨੰਬਰ 1 ਤੋਂ ਸੁਖਜੀਤ ਕੌਰ ਭੱਠਲ, 3 ਤੋਂ ਸ਼ਰਨਜੀਤ ਕੌਰ, ਵਾਰਡ ਨੰਬਰ-5 ਤੋਂ ਕਰਮਜੀਤ ਕੌਰ ਭੱਲਾ, ਵਾਰਡ 6 ਤੋਂ ਗੁਰਜੀਤ ਸਿੰਘ ਕਾਕਾ, ਵਾਰਡ 7 ਤੋਂ ਜਸਵਿੰਦਰ ਕੌਰ ਜੱਸੜ, ਵਾਰਡ 8 ਤੋਂ ਜਸਵੰਤ ਸਿੰਘ ਕਾਲਾ ਬਲਾਹੜ ਵਾਲਾ, ਵਾਰਡ 11 ਤੋਂ ਸੁਰਜੀਤ ਸਿੰਘ ਸਬਜੀ ਵਾਲਾ (ਸਾਰੇ ਕਾਂਗਰਸੀ ਉਮੀਦਵਾਰ) ਜੇਤੂ ਰਹੇ। ਇਥੇ ਜ਼ਿਕਰਯੋਗ ਹੈ ਕਿ ਵਾਰਡ ਨੰਬਰ 2 ਤੋਂ ਕਾਂਗਰਸੀ ਉਮੀਦਵਾਰ ਮੇਵਾ ਸਿੰਘ ਮਾਨ, ਵਾਰਡ 4 ਤੋਂ ਅੰਮ੍ਰਿਤਪਾਲ ਸਿੰਘ, ਵਾਰਡ 9 ਤੋਂ ਪਰਮਜੀਤ ਕੌਰ ਅਤੇ ਵਾਰਡ ਨੰਬਰ 10 ਤੋਂ ਅਵਤਾਰ ਸਿੰਘ ਤਾਰਾ ਦੇ ਮੁਕਾਬਲੇ ਸਾਰੇ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਾਰਨ ਉਹ ਪਹਿਲਾਂ ਹੀ ਚੋਣ ਜਿੱਤ ਚੁੱਕੇ ਹਨ।