ਪੱਤਰ ਪ੍ਰੇਰਕ
ਮਾਨਸਾ, 21 ਦਸੰਬਰ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਪਾਰਟੀ ’ਚ ਸ਼ਾਮਲ ਕੀਤੇ ਪੰਜਾਬੀ ਗਾਇਕ ਸ਼ੁਭਦੀਪ ਸਿੱਧੂ ਮੂਸੇਵਾਲਾ ਨੂੰ ਮਾਨਸਾ ਵਿਧਾਨ ਸਭਾ ਹਲਕਾ ਤੋਂ ਉਮੀਦਵਾਰ ਪੇਸ਼ ਕਰਨ ਮਗਰੋਂ ਉਸ ਤੋਂ ਪਿੰਡਾਂ ਦੀਆਂ ਗ੍ਰਾਂਟਾਂ ਵੰਡਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਵੇਂ ਇਨ੍ਹਾਂ ਗ੍ਰਾਂਟਾਂ ਦੇ ਚੈੱਕ ਵੰਡਣ ਵੇਲੇ ਸਿੱਧੂ ਮੂਸੇਵਾਲਾ ਨਾਲ ਕੋਈ ਸੀਨੀਅਰ ਕਾਂਗਰਸੀ ਨੇਤਾ ਨਹੀਂ ਹੁੰਦਾ, ਪਰ ਗ੍ਰਾਂਟਾਂ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਉਨ੍ਹਾਂ ਹੱਥੋਂ ਵੰਡਾਉਣ ਤੋਂ ਲੱਗਦਾ ਹੈ ਕਿ ਮੂਸੇਵਾਲਾ ਨੇ ਲੋਕਾਂ ’ਚ ਆਪਣੀ ਭੱਲ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਹਲਕੇ ਵਿੱਚ ਪਹਿਲਾਂ ਇਹ ਗ੍ਰਾਂਟਾਂ ਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਸੀਨੀਅਰ ਕਾਂਗਰਸੀ ਨੇਤਾ ਮਨਜੀਤ ਸਿੰਘ ਝੱਲਬੂਟੀ ਤੇ ਕਈ ਹੋਰਾਂ ਵੱਲੋਂ ਵੰਡੀਆਂ ਜਾਂਦੀਆਂ ਸਨ, ਜਦੋਂਕਿ ਹੁਣ ਉਹ ਮੂਸੇਵਾਲਾ ਦੇ ਚੈੱਕ ਦੇਣ ਸਮੇਂ ਹਾਜ਼ਰ ਨਹੀਂ ਸਨ। ਮੂਸੇਵਾਲਾ ਨੇ ਸਰਗਰਮੀਆਂ ਉਸ ਵੇਲੇ ਪਿੰਡਾਂ ’ਚ ਵਿੱਢੀਆਂ ਹਨ, ਜਦੋਂ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਨਸਾ ’ਚ ਇੱਕ ਦਿਨ ਪਹਿਲਾਂ ਹੋਈ ਰੈਲੀ ’ਚ ਕਿਹਾ ਸੀ ਕਿ ਮੂਸੇਵਾਲਾ ਦੇ ਗੈਂਗਸਟਰਾਂ ਨਾਲ ਸਬੰਧ ਹਨ ਤੇ ਹੁਣ ਉਸ ਨੂੰ ਕਾਂਗਰਸ ਵੀ ਨਹੀਂ ਬਚਾਅ ਸਕੇਗੀ। ਸ੍ਰੀ ਬਾਦਲ ਨੇ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਆਪਣੇ ਖ਼ਿਲਾਫ਼ ਹੋਏ ਪਰਚਿਆਂ ਤੋਂ ਡਰਦਾ ਕਾਂਗਰਸ ’ਚ ਸ਼ਾਮਲ ਹੋਇਆ ਹੈ। ਉਧਰ, ਭਾਵੇਂ ਕਾਂਗਰਸ ਪਾਰਟੀ ਵੱਲੋਂ ਅਚਾਨਕ ਸਿੱਧੂ ਮੂਸੇਵਾਲਾ ਨੂੰ ਹਲਕਾ ਇੰਚਾਰਜ ਪੇਸ਼ ਕਰਕੇ ਗ੍ਰਾਂਟਾਂ ਵੰਡਾਉਣ ਦਾ ਸਿਲਸਿਲਾ ਆਰੰਭਿਆ ਗਿਆ ਹੈ, ਪਰ ਇਲਾਕੇ ਦੇ ਪੁਰਾਣੇ ਟਕਸਾਲੀ ਕਾਂਗਰਸੀ ਆਗੂਆਂ ਨੇ ਪਾਰਟੀ ਦੀ ਸਕਰੀਨਿੰਗ ਕਮੇਟੀ ਕੋਲ ਮਾਨਸਾ ਤੋਂ ਟਿਕਟ ਲੈਣ ਲਈ ਆਪਣਾ ਦਾਅਵਾ ਪੇਸ਼ ਕੀਤਾ ਹੈ। ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਮਨਜੀਤ ਸਿੰਘ ਝੱਲਬੂਟੀ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਚੁਸਪਿੰਦਰ ਸਿੰਘ ਚਾਹਲ, ਬਲਵਿੰਦਰ ਨਾਰੰਗ, ਕਰਮ ਸਿੰਘ ਚੌਹਾਨ, ਅਰਸ਼ਦੀਪ ਸਿੰਘ ਗਾਗੋਵਾਲ ਆਦਿ ਨੇ ਹਲਕੇ ਦੀ ਨੁਮਾਇੰਦਗੀ ਵਜੋਂ ਪਾਰਟੀ ਅੱਗੇ ਪੱਖ ਰੱਖਿਆ ਹੈ।
ਇਸੇ ਦੌਰਾਨ ਸਿੱਧੂ ਮੂਸੇਵਾਲਾ ਨੇ ਆਪ ਨੂੰ ਕਾਂਗਰਸ ਦੇ ਹਲਕਾ ਇੰਚਾਰਜ ਸਮਝਦਿਆਂ 6 ਪਿੰਡਾਂ ਨੂੰ 86 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਵੰਡੇ। ਉਨ੍ਹਾਂ ਪਿੰਡ ਮਾਨਸਾ ਕੈਂਚੀਆਂ 20 ਲੱਖ, ਬੁਰਜ ਰਾਠੀ ਨੂੰ 10 ਲੱਖ, ਮਾਨਸਾ ਖੁਰਦ ਨੂੰ 6 ਲੱਖ ਤੇ ਭਾਈਦੇਸਾ ਨੂੰ 14 ਲੱਖ ਰੁਪਏ ਦੇ ਚੈੱਕ ਭੇਟ ਕੀਤੇ।
ਇਸੇ ਦੌਰਾਨ ਐਸੋਸੀਏਸ਼ਨ ਫਾਰ ਸਿਟੀਜ਼ਨ ਰਾਈਟਸ ਦੇ ਜਨਰਲ ਸਕੱਤਰ ਐਡਵੋਕੇਟ ਈਸ਼ਵਰ ਦਾਸ ਗੋਇਲ ਨੇ ਕਿਹਾ ਕਿ ਕਾਂਗਰਸ ਨੂੰ ਅਸੱਭਿਅਕ ਤੇ ਗੰਦੀ ਗਾਇਕੀ ਵਾਲਿਆਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਸੀ।