ਰਮਨਦੀਪ ਸਿੰਘ
ਚਾਉਕੇ, 7 ਅਗਸਤ
ਬਲਾਕ ਰਾਮਪੁਰਾ ਅਧੀਨ ਆਉਂਦੇ ਵੱਡੇ ਪਿੰਡਾਂ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਪਿੰਡ ਮੰਡੀ ਕਲਾਂ ਵਿੱਚ ਰਾਮੂ ਕੀ ਪੱਤੀ ਵਾਲੀ ਗਲੀ ਵਿੱਚ ਸੀਵਰੇਜ ਵਾਲਾ ਪਾਣੀ ਗਲੀ ਭਰਨ ਕਾਰਨ ਮੁਹੱਲਾ ਵਾਲੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਹੱਲੇ ਦੀ ਬਿਰਧ ਔਰਤ ਨੇ ਕਿਹਾ ਕਿ ਘਰ ਤੋਂ ਬਾਹਰ ਆਉਣ ਜਾਣ ਸਮੇਂ ਗੰਦੇ ਪਾਣੀ ਵਿੱਚੋਂ ਲੰਘ ਕੇ ਜਾਣ ਕਾਰਨ ਉਸ ਦੇ ਪੈਰਾਂ ’ਚ ਛਾਲੇ ਪੈ ਗਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਅਤੇ ਪੋਤੇ ਸਕੂਲ ਜਾਣ ਸਮੇਂ ਇਸ ਗੰਦੇ ਪਾਣੀ ਵਿੱਚੋਂ ਲੰਘ ਕੇ ਜਾਂਦੇ ਹਨ। ਮੁਹੱਲਾ ਵਾਸੀਆਂ ਨੇ ਕਿਹਾ ਕਿ ਇਸ ਗਲੀ ਵਿੱਚ ਗ਼ਰੀਬਾਂ ਦੇ ਘਰ ਹਨ, ਇਸ ਲਈ ਸਿਰਫ਼ ਇੱਕ ਵਾਰ ਹੀ ਨਾਲੀਆਂ ਦੀ ਸਫ਼ਾਈ ਕਰ ਕੇ ਬੁੱਤਾ ਸਾਰ ਦਿੱਤਾ ਗਿਆ ਹੈ, ਪਰ ਉਨ੍ਹਾਂ ਦੇ ਹਾਲਾਤ ਉਸੇ ਤਰ੍ਹਾਂ ਦੇ ਹਨ।
ਪਿੰਡ ਚਾਉਕੇ ਵਿੱਚ ਖੋਖਰ ਵੱਲ ਆਉਂਦੀ ਸੜਕ ’ਤੇ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ। ਇਸੇ ਤਰ੍ਹਾਂ ਪਾਪੜੀਆਂ ਵਾਲੀ ਵਰਕਸ਼ਾਪ ਕੋਲ ਵੀ ਗੰਦਾ ਪਾਣੀ ਖੜ੍ਹਾ ਰਹਿਣ ਕਾਰਨ ਬਦਬੂ ਆਉਣ ਲੱਗ ਪਈ ਹੈ। ਚਾਉਕੇ ਦੇ ਸਾਬਕਾ ਪ੍ਰਧਾਨ ਬਲਵੀਰ ਸਿੰਘ ਨੰਬਰਦਾਰ ਨੇ ਕਿਹਾ ਕਿ ਨਗਰ ਪੰਚਾਇਤ ਭੰਗ ਹੋਣ ਤੋਂ ਬਾਅਦ 80 ਪ੍ਰਤੀਸ਼ਤ ਗਲੀਆਂ ਨਾਲੀਆਂ ਦੀ ਸਫ਼ਾਈ ਨਹੀਂ ਹੋਈ।
ਉਨ੍ਹਾਂ ਇਹ ਮਾਮਲਾ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਪਿੰਡ ਬਾਲਿਆਂਵਾਲੀ ਵਿੱਚ ਸ਼ਿਵ ਮੰਦਰ ਵਾਲੀ ਗਲੀ ਕੋਲ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇੱਕ ਜਗ੍ਹਾ ’ਤੇ ਪਾਣੀ ਖੜ੍ਹਾ ਰਹਿਣ ਕਾਰਨ ਚਿੱਕੜ ਬਣ ਗਿਆ ਹੈ ਤੇ ਉਸ ਵਿੱਚੋਂ ਬਦਬੂ ਆਉਣ ਲੱਗ ਪਈ ਹੈ।
ਕਿਸਾਨ ਆਗੂ ਸਰਬੀ ਸਿੰਘ ਨੇ ਕਿਹਾ ਕਿ ਕਈ ਉੱਦਮੀ ਨੌਜਵਾਨਾਂ ਵੱਲੋਂ ਅੰਡਰ ਗਰਾਊਂਡ ਪਾਈਪਾਂ ਰਾਹੀਂ ਸਮੱਸਿਆ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿੰਡ ਰਾਮਪੁਰਾ ਤੋਂ ਤਲਵੰਡੀ ਸਾਬੋ ਨੂੰ ਜਾਂਦੀ ਮੁੱਖ ਸੜਕ ’ਤੇ ਸੁਰਿੰਦਰ ਪੰਪ ਕੋਲ ਦੂਸ਼ਿਤ ਪਾਣੀ ਜਮ੍ਹਾਂ ਹੋਣ ਕਾਰਨ ਜਿੱਥੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਮੁੱਖ ਸੜਕ ਦੇ ਟੁੱਟਣ ਦਾ ਵੀ ਡਰ ਬਣ ਗਿਆ ਹੈ।