ਕੋਟਕਪੂਰਾ: ਇਥੇ ਹਰੀਨੌਂ ਰੋਡ ’ਤੇ ਦੂਸ਼ਿਤ ਪਾਣੀ ਦੀ ਨਿਕਾਸੀ ਦੀ ਸਮੱਸਿਆ ਸਬੰਧੀ ਪਿਛਲੇ ਕੁਝ ਦਿਨਾਂ ਤੋਂ ਸੰਘਰਸ਼ ਕਰ ਰਹੇ ਲੋਕਾਂ ’ਤੇ ਪੁਲੀਸ ਨੇ ਆਵਾਜਾਈ ਵਿੱਚ ਵਿਘਨ ਦਾ ਪਾਉਣ ਦਾ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਪੁਲੀਸ ਦਫ਼ਤਰਾਂ ਦੇ ਗੇੜੇ ਲਾਉਣ ਲਈ ਮਜ਼ਬੂਰ ਕਰ ਦਿੱਤਾ ਹੈ। ਹਾਲਾਂਕਿ ਇਨ੍ਹਾਂ ਲੋਕਾਂ ਦੀ ਸਮੱਸਿਆ ਤਿਉਂ ਦੀ ਜਿਉਂ ਹੈ। ਆਲਮ ਇਹ ਹੈ ਕਿ ਇਨ੍ਹਾਂ ਲੋਕਾਂ ਦੇ ਘਰਾਂ ਦੇ ਬਾਹਰ ਸੀਵਰੇਜ ਦਾ ਗੰਦਾ ਪਾਣੀ ਖੜਾ ਰਹਿੰਦਾ ਹੈ ਤੇ ਇਨ੍ਹਾਂ ਲੋਕਾਂ ਨੂੰ ਇਸ ਗੰਦਲੇ ਪਾਣੀ ’ਚੋਂ ਲੰਘ ਆਪੋ-ਆਪਣੇ ਕੰਮਾਂ ’ਤੇ ਜਾਣਾ ਪੈਂਦਾ ਹੈ। ਥਾਣਾ ਸ਼ਹਿਰੀ ਇੰਚਾਰਜ ਥਾਣੇਦਾਰ ਗੁਰਮੀਤ ਸਿੰਘ ਨੇ ਮਾਮਲੇ ਦੀ ਤਫ਼ਤੀਸ਼ ਲਈ ਇਨ੍ਹਾਂ ਨੂੰ ਥਾਣੇ ਬੁਲਾਇਆ ਸੀ। ਲੋਕਾਂ ’ਚ ਰੋਹ ਵਧਦਾ ਵੇਖ ਮਾਮਲਾ ਡੀਐੱਸਪੀ ਕੋਟਕਪੂਰਾ ਬਲਕਾਰ ਸਿੰਘ ਸੰਧੂ ਕੋਲ ਪਹੁੰਚਿਆ। ਉਨ੍ਹਾਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦਾ ਭਰੋਸਾ ਦਿੱਤਾ। -ਟਨਸ