ਪਰਮਜੀਤ ਸਿੰਘ
ਫਾਜ਼ਿਲਕਾ, 16 ਸਤੰਬਰ
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਅੱਜ ਜ਼ਿਲ੍ਹੇ ਦੀਆਂ ਸਾਰੀਆਂ ਜੱਥੇਬੰਦੀਆਂ ਨਾਲ ਮਿਲਕੇ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਦੇ ਸਾਹਮਣੇ ਰੋਸ ਮਾਰਚ ਕੀਤਾ ਅਤੇ ਮੌਂਟੇਕ ਆਹਲੂਵਾਲੀਆ ਦਾ ਪੁਤਲਾ ਫੂਕਿਆ ਗਿਆ। ਧਰਨੇ ‘ਚ ਪੰਜਾਬ ਰੋਡਵੇਜ, ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ, ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਸ, ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਡਵਿਜ਼ਨ ਫਾਜ਼ਿਲਕਾ, ਅਬੋਹਰ, ਜਲਾਲਾਬਾਦ, ਪੰਜਾਬ ਕੰਸਟਰਕਸ਼ਨ ਵੈਲਫੇਅਰ ਯੂਨੀਅਨ ਪੰਜਾਬ ਦੇ ਕਾਮੇ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਆਹਲੂਵਾਲੀਆ ਵੱਲੋਂ ਪੰਜਾਬ ਸਰਕਾਰ ਨੂੰ ਕੀਤੀਆਂ ਸਿਫਾਰਸ਼ਾਂ ਮੁਲਾਜ਼ਮ, ਮਜ਼ਦੂਰ ਕਿਸਾਨ ਅਤੇ ਲੋਕ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਨਾ ਮਨੀਆਂ ਗਈਆਂ ਤਾਂ 13 ਅਕਤੂਬਰ ਨੂੰ ਪਟਿਆਲਾ ਵਿਖੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਪਰਿਵਾਰਾਂ ਅਤੇ ਬੱਚਿਆਂ ਸਮੇਤ ਸੂਬਾ ਪੱਧਰੀ ਮਹਾ ਰੈਲੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਧਰਨੇ ਵਿਚ ਜ਼ਿਲ੍ਹਾ ਆਗੂ ਅਮਰੀਕ ਸਿੰਘ, ਗੁਰਵਿੰਦਰ ਸਿੰਘ, ਸੁਖਚੈਨ ਸਿੰਘ, ਬਲਵਿੰਦਰ ਸਿੰਘ ਨੂਰਸਮੰਦ, ਨਿਰਮਲ ਕੁਮਾਰ, ਅਜੈ ਕੁਮਾਰ, ਸ਼ਿਵ ਸੰਕਰ, ਚਿਮਨ ਲਾਲ, ਸੁਨੀਲ ਕੁਮਾਰ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਅਜੈ ਕੁਮਾਰ, ਛਿੰਦਰ ਸਿੰਘ, ਸਤਨਾਮ ਸਿੰਘ ਹਾਜ਼ਰ ਸਨ।