ਪੱਤਰ ਪ੍ਰੇਰਕ
ਮਾਨਸਾ, 21 ਮਈ
ਮਾਲਵਾ ਖੇਤਰ ਵਿੱਚ ਲੰਬੇ ਸਮੇਂ ਤੋਂ ਸਰਕਾਰੀ ਵਾਟਰ ਵਰਕਸਾਂ ਤੇ ਕਿਸਾਨਾਂ ਦੇ ਖੇਤਾਂ ’ਚੋਂ ਬਿਜਲੀ ਦੀਆਂ ਮੋਟਰਾਂ ਤੇ ਪਾਣੀ ਸਪਲਾਈ ਕਰਨ ਵਾਲੇ ਪੱਖੇ ਚੋਰੀ ਕਰਨ ਵਾਲੇ ਗਰੋਹ ਦੇ ਸੱਤ ਮੈਂਬਰਾਂ ਨੂੰ ਮਾਨਸਾ ਪੁਲੀਸ ਨੇ ਕਾਬੂ ਕੀਤਾ ਹੈ। ਇਨ੍ਹਾਂ ਵੱਲੋਂ ਕੀਤੀਆਂ ਚੋਰੀਆਂ ਕਾਰਨ ਲੋਕਾਂ ਨੂੰ ਕਈ ਦਿਨ ਪਾਣੀ ਨਹੀਂ ਸੀ ਮਿਲਦਾ। ਇਸ ਚੋਰ ਗਰੋਹ ਖ਼ਿਲਾਫ਼ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਮਾਨਸਾ ਤੇ ਬਠਿੰਡਾ ਦੇ ਪੁਲੀਸ ਮੁਖੀਆਂ ਕੋਲ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਸਨ।
ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ ਕਾਬੂ ਮੁਲਜ਼ਮਾਂ ਕੋਲੋਂ 23 ਪਾਣੀ ਸਪਲਾਈ ਕਰਨ ਵਾਲੇ ਉਪਕਰਨ, 13 ਪਾਣੀ ਵਾਲੇ ਪੱਖੇ, 10 ਹਿੱਸੇ ਮੋੋਟਰ ਬਾਡੀਜ਼, 5 ਬਿਜਲੀ ਵਾਲੇ ਪੱਖੇ, 2 ਸਪਰੇਅ ਢੋਲੀਆਂ, 4 ਛੋਟੀਆ ਮੋਟਰਾਂ, 6 ਫਲੈਕਸ ਬਾਲ ਸਣੇ ਐਲਬੋੋ, 150 ਫੁੱਟ ਕੇਬਲ ਤਾਰ, 2 ਟੀਆਂ, 14 ਪਾਨੇ-ਚਾਬੀਆਂ, 1 ਗੈਸੀ ਭੱਠੀ, ਹਥੌੜਾ, ਆਰੀ, ਰੈਂਚ, ਪੇਚਕਸ ਆਦਿ ਤੋੋਂ ਇਲਾਵਾ ਚੋੋਰੀ ਦੀਆਂ ਵਾਰਦਾਤਾ ਵਿੱਚ ਵਰਤੇ ਤਿੰਨ ਮੋੋਟਰਸਾਈਕਲਾਂ ਸਣੇ ਇੱਕ ਰੇਹੜੀ ਦੀ ਬਰਾਮਦ ਕੀਤੀ ਗਈ ਹੈ।
ਸੀਨੀਅਰ ਕਪਤਾਨ ਪੁਲੀਸ ਨੇ ਦੱਸਿਆ ਕਿ ਕਾਬੂ ਕੀਤੇ ਗਰੋਹ ਦੇ ਮੈਂਬਰਾਂ ਦੀ ਪਛਾਣ ਤਰਸੇਮ ਸਿੰਘ, ਮਨਪ੍ਰੀਤ ਸਿੰਘ ਅਤੇ ਸੇਵਕ ਸਿੰਘ ਵਾਸੀ ਕੋੋਟਲੀ ਕਲਾਂ, ਹਰਦਿਆਲ ਸਿੰਘ ਵਾਸੀ ਮਾਨਸਾ, ਰਾਵਿੰਦਰ ਸਿੰਘ, ਦੀਨਦਿਆਲ ਤੇ ਰਿੰਕੂ ਵਾਸੀ ਮਾਨਸਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਦੋ ਰੋਜ਼ਾ ਰਿਮਾਂਡ ਹਾਸਲ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਗਰੋਹ ਮੈਂਬਰਾਂ ਤੋਂ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ ਵਿੱਚੋਂ ਕੁਝ ਮੁਲਜ਼ਮ ਚੋੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਤੇ ਕੁਝ ਚੋਰੀ ਦੇ ਮਾਲ ਨੂੰ ਚੁੱਕ ਕੇ ਕਬਾੜ ਦਾ ਕੰਮ ਕਰਨ ਵਾਲੇ ਹਰਦਿਆਲ ਸਿੰਘ ਵਾਸੀ ਮਾਨਸਾ ਕੋਲ ਵੇਚ ਦਿੰਦੇ ਸਨ।