ਮਹਿੰਦਰ ਸਿੰਘ ਰੱਤੀਆਂ
ਮੋਗਾ, 18 ਅਗਸਤ
ਇਥੇ ਮਥੁਰਾਦਾਸ ਸਿਵਲ ਹਸਪਤਾਲ ਵਿਖੇ ਸੋਮਵਾਰ ਨੂੰ ਡਾਕਟਰਾਂ ਦਾ ਵਿਵਾਦ ਤਾਂ ਖ਼ਤਮ ਹੋ ਗਿਆ, ਪਰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਪੱਤਰ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਮੰਤਰੀ ਵੱਲੋਂ 17 ਅਗਸਤ ਨੂੰ ਆਪਣੇ ਲੈਟਰ ਪੈੱਡ ’ਤੇ ਸਿਹਤ ਸਕੱਤਰ ਦੇ ਹੁਕਮ ਰੱਦ ਕਰਕੇ ਐੱਨਆਰਆਈ ਦੇ ਟਰੂਨਾਟ ਮਸ਼ੀਨ ਨਾਲ ਕਰੋਨਾ ਨਮੂਨੇ ਜਾਂਚ ਕਰਨ ਲਈ ਸਿੱਧੇ ਆਦੇਸ਼ ਤੋਂ ਸਿਹਤ ਅਧਿਕਾਰੀ ਸ਼ਸ਼ੋਪੰਜ ’ਚ ਪੈ ਗਏ ਹਨ।
ਇਥੇ ਡਾਕਟਰੀ ਮੈਡੀਕਲ ਸਿੱਖਿਆ ਤੇ ਖੋਜ ਪ੍ਰਮੁੱਖ ਸਕੱਤਰ ਡੀਕੇ ਤਿਵਾੜੀ ਜ਼ਿਲ੍ਹੇ ’ਚ ਵਧ ਰਹੀ ਕਰੋਨਾ ਲਾਗ ਪ੍ਰਬੰਧਾਂ ਦੀ ਮੀਟਿੰਗ ਦੌਰਾਨ ਇਹ ਮੁੱਦਾ ਉਠਿਆ। ਸ੍ਰੀ ਤਿਵਾੜੀ ਨੇ ਸਪੱਸ਼ਟ ਕਿਹਾ ਕਿ ਕਿ ਸਰਕਾਰ ਦੀਆਂ ਮਹਾਂਮਾਰੀ ਲਈ ਜਾਰੀ ਗਾਈਡ ਲਾਈਨ ਅਨੁਸਾਰ ਕੇਵਲ ਟਰੂਨਾਟ ਮਸ਼ੀਨ ਨਾਲ ਸਿਰਫ ਐਮਰਜੈਂਸੀ ਦੇ ਮਰੀਜ਼ਾਂ ਦੇ ਨਮੂਨੇ ਟੈਸਟ ਕੀਤੇ ਜਾ ਸਕਦੇ ਹਨ। ਇਨ੍ਹਾਂ ਗਾਈਡ ਲਾਈਨਾਂ ’ਚ ਐਨਆਰਆਈ ਦਾ ਨਮੂਨਾ ਟੈਸਟ ਕਰਨ ਬਾਰੇ ਕੋਈ ਜ਼ਿਕਰ ਨਹੀਂ ਹੈ।
ਸਿਵਲ ਸਰਜਨ ਅਮਨਪ੍ਰੀਤ ਕੌਰ ਬਾਜਵਾ ਨੇ ਕਿਹਾ ਕਿ ਉਨ੍ਹਾ ਸਿਹਤ ਮੰਤਰੀ ਦਾ ਲੈਟਰ ਪੈੱਡ ਉੱਤੇ ਪੱਤਰ ਪ੍ਰਾਪਤ ਹੋਇਆ ਹੈ ਜਿਸ ਵਿੱਚ ਉਨ੍ਹਾਂ ਐੱਨਆਰਆਈ ਦੇ ਨਮੂਨੇ ਟਰੂਨਾਟ ਮਸ਼ੀਨ ਨਾਲ ਕਰਨ ਦੀ ਆਗਿਆ ਦਿੱਤੀ ਹੈ। ਉਨ੍ਹਾਂ ਇਸ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਣੂੰ ਕਰਵਾ ਦਿੱਤਾ ਹੈ। ਵਿਭਾਗ ਦੇ ਸਕੱਤਰ ਦੇ ਹੁਕਮ ਪ੍ਰਾਪਤ ਉੱਤੇ ਹੀ ਇਹ ਫ਼ੈਸਲਾ ਹੋਵੇਗਾ ਕਿ ਟਰੂਨਾਟ ਮਸ਼ੀਨ ਉੱਤੇ ਐਨਆਰਆਈ ਦੇ ਨਮੂਨੇ ਟੈਸਟ ਹੋਣਗੇ ਜਾਂ ਨਹੀਂ।
ਬਠਿੰਡਾ ਜ਼ਿਲ੍ਹੇ ’ਚ ਹੁਣ ਤੱਕ ਲਏ 28585 ਸੈਂਪਲ: ਡੀਸੀ
ਬਠਿੰਡਾ (ਮਨੋਜ ਸ਼ਰਮਾ) ਜ਼ਿਲੇ ਦੇ ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਅੰਦਰ ਕੋਵਿਡ-19 ਤਹਿਤ 28585 ਸੈਂਪਲ ਲਏ ਗਏ, ਜਿਨਾਂ ਵਿੱਚੋਂ ਕੁੱਲ 1515 ਪਾਜ਼ੇਟਿਵ ਕੇਸ ਆਏ। ਇਨ੍ਹਾਂ ਵਿੱਚੋਂ 734 ਕਰੋਨਾ ਪੀੜਤ ਵਿਅਕਤੀ ਠੀਕ ਹੋ ਕੇ ਆਪੋ-ਆਪਣੇ ਘਰ ਪਰਤ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲੇ ਵਿੱਚ ਕੁੱਲ 599 ਕੇਸ ਐਕਟਿਵ ਹਨ ਤੇ 161 ਕੇਸ ਹੋਰ ਜ਼ਿਲ੍ਹਿਆ ਵਿੱਚ ਸ਼ਿਫਟ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੋਨਾ ਪ੍ਰਭਾਵਿਤ 21 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਬੀਤੇ 24 ਘੰਟਿਆਂ ਦੌਰਾਨ 91 ਪਾਜ਼ੇਟਿਵ, 131 ਨੈਗੇਟਿਵ ਰਿਪੋਰਟਾਂ ਤੇ 42 ਵਿਅਕਤੀ ਕਰੋਨਾ ਨੂੰ ਮਾਤ ਦੇ ਕੇ ਆਪੋ-ਆਪਣੇ ਘਰ ਗਏ ਹਨ।