ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 4 ਸਤੰਬਰ
‘ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ’ ਵੱਲੋਂ ਸੂਬਾ ਪੱਧਰੀ ਕਨਵੈਨਸ਼ਨ ਤਰਕਸ਼ੀਲ ਭਵਨ ਵਿਚ ਹੋਈ। ਕੋਆਰਡੀਨੇਟਰ ਡਾ. ਅਜੇ ਕੁਮਾਰ ਨੇ ਦੱਸਿਆ ਕਿ ਇਸ ਕਨਵੈਨਸ਼ਨ ਵਿੱਚ ਸਮੁੱਚੇ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਆਪਣੇ ਜਥੇਬੰਦਕ ਸੰਘਰਸ਼ ਨੂੰ ਸਮੂਹ ਸਰੋਤਿਆਂ ਨਾਲ ਸਾਂਝਾ ਕੀਤਾ। ਉਨ੍ਹਾਂ ਪੰਜਾਬ ਦੀ ਸਿੱਖਿਆ ਦੀ ਸਮਕਾਲੀ ਸਥਿਤੀ ਲਈ ਨਿੱਜੀਕਰਨ ਦੀਆਂ ਨੀਤੀਆਂ ਨੂੰ ਜਿੰਮੇਵਾਰ ਠਹਿਰਾਇਆ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਦਰਸ਼ਨ ਨੱਤ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਮੈਰੀਟੋਰੀਅਸ ਅਧਿਆਪਕ ਯੂਨੀਅਨ ਦੇ ਸੂਬਾ ਆਗੂ ਦਲਜੀਤ ਕੌਰ ਅੰਮ੍ਰਿਤਸਰ ਨੇ ਕਿਹਾ ਕਿ ਮੈਰੀਟੋਰੀਅਸ ਸਕੂਲਾਂ ਦੀ ਪੰਜਾਬ ਨੂੰ ਬਹੁਤ ਜਰੂਰਤ ਹੈ ਕਿਉਂਕਿ ਇਹ ਸਕੂਲ ਉਨ੍ਹਾਂ ਬੱਚਿਆਂ ਨੂੰ ਉਚਤਮ ਸਿੱਖਿਆ ਦਿੰਦੇ ਹਨ। ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਨੇ ਕਿਹਾ ਕਿ ਜਿੰਨੀ ਦੇਰ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਨੂੰ ਬਾਰੀਕੀ ਨਾਲ ਨਹੀਂ ਸਮਝਦੇ ਉਨ੍ਹਾਂ ਸਮਾਂ ਕੁਝ ਵੀ ਨਹੀਂ ਸਵਾਰਿਆ ਜਾ ਸਕਦਾ।